ਧੋਖੇ ਨਾਲ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ’ਤੇ ਪੁਲਿਸ ਨੇ ਦਰਜ ਕੀਤਾ ਕੇਸ
ਉਕਤ ਵਿਅਕਤੀਆਂ ਨੇ ਧੱਕੇਸ਼ਾਹੀ ਨਾਲ ਕਣਕ ਦੀ ਫ਼ਸਲ ਵਾਹੀ ਸੀ ਤੇ ਉਕਤ ਵਿਅਕਤੀਆਂ ਵੱਲੋਂ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।
Publish Date: Sat, 24 Jan 2026 05:11 PM (IST)
Updated Date: Sun, 25 Jan 2026 04:07 AM (IST)

ਨਰਿੰਦਰ ਸਿੰਘ ਦੋਦੇ•, ਪੰਜਾਬੀ ਜਾਗਰਣ, ਸਰਾਏ ਅਮਾਨਤ ਖਾਂ : ਅਪਣੀ ਜ਼ਮੀਨ ਬਚਾਉਣ ਖ਼ਾਤਰ ਭਾਰੀ ਸੀਤ ਲਹਿਰ ਤੇ ਕੜਾਕੇ ਦੀ ਠੰਢ ਦੇ ਬਾਵਜੂਦ ਖੇਤਾਂ ’ਚ ਟਰਾਲੀ ਲਾ ਕੇ ਦਿਨ-ਰਾਤ ਜ਼ਮੀਨ ਦੀ ਰਖਵਾਲੀ ’ਤੇ ਬੈਠੀ ਬਜ਼ੂਰਗ ਵਿਧਵਾ ਨੂੰ ਉਸ ਵੇਲੇ ਇਨਸਾਫ ਮਿਲਦਾ ਦਿਖਾਈ ਦਿੱਤਾ, ਜਦੋਂ ਉਸ ਵੱਲੋਂ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਉਪਰੰਤ ਪੁਲਿਸ ਨੇ ਧੋਖੇ ਨਾਲ ਮਹਿਲਾ ਦੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਕਥਿਤ ਦੋਸ਼ ’ਚ ਦੋ ਵਿਅਕਤੀਆਂ ਵਿਰੁੱਧ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। 76 ਸਾਲਾ ਹਰਿੰਦਰ ਕੌਰ ਪਤਨੀ ਸਵ. ਇਕਬਾਲ ਸਿੰਘ ਵਾਸੀ ਕਸੇਲ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੱਖ-ਵੱਖ ਸਮੇਂ ’ਤੇ ਸ਼ਿਕਾਇਤਾਂ ਦਿੱਤੀਆਂ ਸੀ ਕਿ ਗੁਰਤੇਜ ਸਿੰਘ ਪੁੱਤਰ ਰਾਮ ਸਿੰਘ ਵਾਸੀ ਕਸੇਲ ਅਤੇ ਦਿਲਬਾਗ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਠੱਠਗੜ੍ਹ ਨੇ ਉਸਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਈ ਹੈ। ਉਸ ਨੇ ਇਹ ਵੀ ਦੱਸਿਆ ਕਿ ਉਸ ਦੀ ਮਾਲਕੀ ਵਾਲੀ ਜ਼ਮੀਨ ’ਚ ਉਕਤ ਵਿਅਕਤੀਆਂ ਨੇ ਧੱਕੇਸ਼ਾਹੀ ਨਾਲ ਕਣਕ ਦੀ ਫ਼ਸਲ ਵਾਹੀ ਸੀ ਤੇ ਉਕਤ ਵਿਅਕਤੀਆਂ ਵੱਲੋਂ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਉਕਤ ਸ਼ਿਕਾਇਤਾਂ ਦੀ ਪੜਤਾਲ ਡੀਐੱਸਪੀ ਸਬ-ਡਵੀਜ਼ਨ ਤਰਨਤਾਰਨ ਸੁਖਬੀਰ ਸਿੰਘ ਵੱਲੋਂ ਕਰਨ ਉਪਰੰਤ ਐੱਸਐੱਸਪੀ ਦੇ ਆਦੇਸ਼ਾਂ ’ਤੇ ਗੁਰਤੇਜ ਸਿੰਘ ਤੇ ਦਿਲਬਾਗ ਸਿੰਘ ਨੂੰ ਥਾਣਾ ਝਬਾਲ ਵਿਖੇ ਦਰਜ ਕੀਤੇ ਗਏ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਏਐੱਸਆਈ ਸਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।