- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਆਈਏ ਸਟਾਫ਼ ਤਰਨਤਾਰਨ ਅਤੇ ਥਾਣਾ ਵਾਲਟੋਹਾ ਦੀਆਂ ਪੁਲਿਸ ਟੀਮਾਂ ਨੇ ਵਾਲਟੋਹਾ ਇਲਾਕੇ ਵਿਚ ਫਿਰੌਤੀ ਨਾਲ ਸਬੰਧਤ ਫਾਇਰਿੰਗ ਦੀਆਂ ਵਾਰਦਾਤਾਂ ਵਿਚ ਲੋੜੀਂਦੇ ਦੋ ਜਣਿਆਂ ਦੁਵੱਲੀ ਗੋਲ਼ੀਬਾਰੀ ਦੌਰਾਨ ਜ਼ਖ਼ਮੀ ਹੋਣ ਤੋਂ ਬਾਅਦ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਸਟਾਫ ਰਿਪੋਰਟਰ•ਪੰਜਾਬੀ ਜਾਗਰਣ, ਤਰਨਤਾਰਨ : ਸੀਆਈਏ ਸਟਾਫ਼ ਤਰਨਤਾਰਨ ਅਤੇ ਥਾਣਾ ਵਾਲਟੋਹਾ ਦੀਆਂ ਪੁਲਿਸ ਟੀਮਾਂ ਨੇ ਵਾਲਟੋਹਾ ਇਲਾਕੇ ਵਿਚ ਫਿਰੌਤੀ ਨਾਲ ਸਬੰਧਤ ਫਾਇਰਿੰਗ ਦੀਆਂ ਵਾਰਦਾਤਾਂ ਵਿਚ ਲੋੜੀਂਦੇ ਦੋ ਜਣਿਆਂ ਦੁਵੱਲੀ ਗੋਲ਼ੀਬਾਰੀ ਦੌਰਾਨ ਜ਼ਖ਼ਮੀ ਹੋਣ ਤੋਂ ਬਾਅਦ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜ਼ਖ਼ਮੀ ਹੋਏ ਨੌਜਵਾਨਾਂ ਦੀ ਪਛਾਣ ਜੋਬਨ ਸਿੰਘ ਵਾਸੀ ਆਸਲ ਉਤਾੜ ਅਤੇ ਅਰਜੁਨ ਸਿੰਘ ਵਾਸੀ ਵਾਲਟੋਹਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਜਣਿਆਂ ਵੱਲੋਂ ਪੁਲਿਸ ਪਾਰਟੀ ਉੱਪਰ ਕਥਿਤ ਤੌਰ ’ਤੇ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਦੋਵੇਂ ਜਣੇ ਗੋਲੀ ਲੱਗਣ ਕਾਰਨ ਜਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਦੋ 30 ਬੋਰ ਦੇ ਪਿਸਤੌਲ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਹਥਿਆਰਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਇਨ੍ਹਾਂ ਦੀ ਜਾਂਚ ਅਗਲੇਰੀ ਤਫ਼ਤੀਸ਼ ਦਾ ਹਿੱਸਾ ਹੈ।
ਮੁੱਢਲੀ ਜਾਂਚ ਅਨੁਸਾਰ, ਦੋਵੇਂ ਮੁਲਜ਼ਮ ਵਿਦੇਸ਼ ਬੈਠੇ ਅਪਰਾਧੀ ਦੇ ਗੈਂਗ ਨਾਲ ਸਬੰਧਤ ਹਨ ਅਤੇ ਕਥਿਤ ਤੌਰ ’ਤੇ ਫਿਰੌਤੀ ਦੀ ਮੰਗ ਨੂੰ ਲੈ ਕੇ ਕੀਤੀਆਂ ਚਾਰ ਫਾਇਰਿੰਗ ਦੀਆਂ ਵਾਰਦਾਤਾਂ ਵਿਚ ਸ਼ਾਮਲ ਸਨ। ਇਨ੍ਹਾਂ ਵਿੱਚੋਂ ਦੋ ਫਾਇਰਿੰਗ ਦੀਆਂ ਵਾਰਦਾਤਾਂ ਵਾਲਟੋਹਾ, ਇਕ ਅਮਰਕੋਟ ਅਤੇ ਇਕ ਮਹਿਦੀਪੁਰ ਵਿਖੇ ਹੋਈ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਇਨ੍ਹਾਂ ਦੇ ਸਾਥੀਆਂ, ਅਪਰਾਧਿਕ ਪਿਛੋਕੜ ਅਤੇ ਵਿਆਪਕ ਅਪਰਾਧਿਕ ਨੈੱਟਵਰਕ ਨਾਲ ਸੰਭਾਵਿਤ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਜਦੋਂਕਿ ਥਾਣਾ ਵਲਟੋਹਾ ਵਿਚ ਅਸਲਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਐੱਸਐੱਸਪੀ ਲਾਂਬਾ ਨੇ ਕਿਹਾ ਕਿ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ, ਫਿਰੌਤੀਖੋਰਾਂ, ਗੈਰ-ਕਾਨੂੰਨੀ ਹਥਿਆਰ ਰੱਖਣ ਵਾਲਿਆਂ ਅਤੇ ਹੋਰ ਅਪਰਾਧਿਕ ਤੱਤਾਂ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।