- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਲਾਈਨ ਗਰਾਊਂਡ ’ਚ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ - ਡਾ. ਆਦਿੱਤਿਆ ਸ਼ਰਮਾ

ਵਧੀਕ ਡਿਪਟੀ ਕਮਿਸ਼ਨਰ ਨੇ ਸਮਾਗਮ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਸਟਾਫ਼ ਰਿਪੋਰਟਰ •ਪੰਜਾਬੀ ਜਾਗਰਣ
ਤਰਨਤਾਰਨ : ਡਾ. ਆਦਿੱਤਿਆ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਜਨਰਲ ਵੱਲੋਂ 15 ਅਗਸਤ ਨੂੰ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਦਾ ਆਜ਼ਾਦੀ ਦਿਵਸ ਸਮਾਰੋਹ ਡਿਪਟੀ ਕਮਿਸ਼ਨਰ ਰਾਹੁਲ ਦੀ ਅਗਵਾਈ ਹੇਠ ਪੂਰੇ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਪੁਲਿਸ ਲਾਈਨ ਗਰਾਊਂਡ ਤਰਨਤਾਰਨ ਵਿਖੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀ ਤੇ ਕਰਮਚਾਰੀ ਰਾਸ਼ਟਰੀ ਮਹੱਤਤਾ ਵਾਲੇ ਇਸ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਤਨਦੇਹੀ ਤੇ ਸਮਰਪਣ ਭਾਵਨਾ ਨਾਲ ਡਿਊਟੀ ਨਿਭਾਉਣ। ਉਨ੍ਹਾਂ ਦੱਸਿਆ ਕਿ 15 ਅਗਸਤ ਨੂੰ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਮੌਕੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਲਬਰੇਜ਼ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਪੰਜਾਬ ਪੁਲਿਸ, ਮਹਿਲਾ ਪੁਲਿਸ, ਪੰਜਾਬ ਹੋਮ ਗਾਰਡਜ਼, ਐੱਨਸੀਸੀ ਕੈਡਿਟਸ ਤੇ ਸਕਾਊਟਸ ਤੇ ਗਰਲ ਗਾਈਡਜ਼ ਵੱਲੋਂ ਮਾਰਚ ਪਾਸਟ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਸਕੂਲੀ ਬੱਚਿਆਂ ਦਾ ਪੀਟੀ ਸ਼ੋਅ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਮੌਕੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਲਈ ਰਿਹਰਸਲਾਂ 10 ਤੋਂ 12 ਅਗਸਤ ਨੂੰ ਪੁਲਿਸ ਲਾਈਨ ਗਰਾਊਂਡ ਤਰਨਤਾਰਨ ਵਿਖੇ ਹੋਣਗੀਆਂ ਤੇ ਸਮਾਗਮ ਸਬੰਧੀ ਫੁੱਲ ਡਰੈੱਸ ਰਿਹਰਸਲ 13 ਅਗਸਤ ਨੂੰ ਕਰਵਾਈ ਜਾਵੇਗੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਗਰਾਊਂਡ ਦੀ ਸਾਫ਼-ਸਫ਼ਾਈ, ਸਜਾਵਟ, ਬੈਠਣ ਦੇ ਪ੍ਰਬੰਧ, ਪੀਣ ਵਾਲਾ ਪਾਣੀ, ਨਿਰਵਿਘਨ ਬਿਜਲੀ ਸਪਲਾਈ, ਫਾਇਰ ਬ੍ਰਿਗੇਡ, ਆਰਜ਼ੀ ਪਖਾਨਿਆਂ ਆਦਿ ਸਮੇਤ ਸਮੁੱਚੇ ਇੰਤਜ਼ਾਮ ਸਮੇਂ ਸਿਰ ਮੁਕੰਮਲ ਹੋਣੇ ਚਾਹੀਦੇ ਹਨ। ਉਨ੍ਹਾਂ ਇਸ ਮੌਕੇ ਸਿਹਤ ਵਿਭਾਗ ਨੂੰ ਸਮਾਗਮ ਵਾਲੇ ਦਿਨ ਤੇ ਰਿਹਰਸਲਾਂ ਦੌਰਾਨ ਮੈਡੀਕਲ ਟੀਮਾਂ ਤਾਇਨਾਤ ਕਰਨ ਤੇ ਮੀਟਿੰਗ ਦੌਰਾਨ ਬੱਚਿਆਂ ਲਈ ਰਿਫ੍ਰੈਸ਼ਮੈਂਟ ਦੇ ਪ੍ਰਬੰਧਾਂ ਸਬੰਧੀ ਵੀ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ। ਇਸ ਦੌਰਾਨ ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੁਲਿਸ ਲਾਈਨ ਦੇ ਨਾਲ-ਨਾਲ ਸਾਰੇ ਸ਼ਹਿਰ ਦੀ ਸਫ਼ਾਈ ਕਰਵਾਉਣ ਤੇ ਸਵਾਗਤੀ ਗੇਟ ਬਣਾਏ ਜਾਣ। ਉਨ੍ਹਾਂ ਪੁਲਿਸ ਵਿਭਾਗ ਨੂੰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਸਬੰਧੀ ਹਦਾਇਤਾਂ ਦਿੱਤੀਆਂ ਤੇ ਸਮਾਗਮ ਤੋਂ ਪਹਿਲਾਂ ਤੇ ਬਾਅਦ ਵਿਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਢੁਕਵੇਂ ਬੰਦੋਬਸਤ ਕਰਨ ਲਈ ਕਿਹਾ, ਤਾਂ ਜੋ ਲੋਕਾਂ ਨੂੰ ਕੋਈ ਅਸੁਵਿਧਾ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਵਾਰਸਾਂ, ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਤੋਂ ਇਲਾਵਾ ਵਿੱਦਿਆ ਤੇ ਖੇਡਾਂ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਐੱਸਡੀਐੱਮ ਤਰਨਤਾਰਨ ਡਾ. ਕਰਨਵੀਰ ਸਿੰਘ, ਡੀਐੱਸਪੀ ਜਸਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਛਾਬੜਾ, ਡੀਐੱਫਐੱਸਸੀ ਹਰਵੀਨ ਕੌਰ ਤੇ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।