ਹਰੀਕੇ ਦੇ ਦਰਿਆਈ ਪਾਣੀਆਂ ’ਚ ਮੁੜ ਦਿਖਾਈ ਦੇਣ ਲੱਗਾ ਊਦਬਿਲਾਵ ਹਰੀਕੇ ਦੇ ਦਰਿਆਈ ਪਾਣੀਆਂ ’ਚ ਮੁੜ ਦਿਖਾਈ ਦੇਣ ਲੱਗਾ ਊਦਬਿਲਾਵ
Publish Date: Fri, 27 Nov 2026 04:39 PM (IST)
Updated Date: Fri, 27 Nov 2026 04:40 PM (IST)
ਦਰਿਆਵਾਂ ਦਾ ਚੁਸਤ ਤੈਰਾਕ ਊਦਬਿਲਾਵ ਮੱਛੀਆਂ ਦਾ ਕਰਦਾ ਹੈ ਸ਼ਿਕਾਰ ਪ੍ਰਦੂਸ਼ਿਤ ਪਾਣੀ ਤੇ ਮਨੁੱਖੀ ਦਖ਼ਲਅੰਦਾਜ਼ੀ ਬਣੀ ਹੋਂਦ ਲਈ ਚੁਣੌਤੀ ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ ਹਰੀਕੇ ਪੱਤਣ : ਸਤਲੁਜ ਤੇ ਬਿਆਸ ਦਰਿਆਵਾਂ ਦੇ ਸੰਗਮ ਨੇੜੇ ਜਲਗਾਹੀ ਖੇਤਰ ’ਚ ਪਾਏ ਜਾਣ ਵਾਲੇ ਦੁਰਲੱਭ ਜਲ-ਜੀਵ ਊਦਬਿਲਾਵ ਦੀ ਮੌਜੂਦਗੀ ਦਰਿਆਈ ਵਾਤਾਵਰਨ ਤੇ ਜੈਵਿਕ ਵਿਭਿੰਨਤਾ ਲਈ ਅਹਿਮ ਮੰਨੀ ਜਾਂਦੀ ਹੈ। ਪਾਣੀ ’ਚ ਬੇਹੱਦ ਚੁਸਤੀ ਨਾਲ ਤੈਰਨ ਤੇ ਮੱਛੀਆਂ ਦਾ ਸ਼ਿਕਾਰ ਕਰਨ ਦੀ ਵਿਲੱਖਣ ਸਮਰੱਥਾ ਰੱਖਣ ਵਾਲਾ ਇਹ ਜੀਵ ਦਰਿਆਈ ਵਾਤਾਵਰਨ ਦੀ ਖੁਰਾਕ ਲੜੀ ਦਾ ਮਹੱਤਵਪੂਰਨ ਹਿੱਸਾ ਹੈ। ਊਦਬਿਲਾਵ ਆਮ ਤੌਰ ’ਤੇ ਦਰਿਆਵਾਂ, ਨਦੀਆਂ, ਝੀਲਾਂ ਅਤੇ ਦਲਦਲੀ ਇਲਾਕਿਆਂ ਵਿਚ ਰਹਿਣਾ ਪਸੰਦ ਕਰਦਾ ਹੈ। ਇਸ ਦਾ ਸਰੀਰ ਲੰਮਾ, ਪੈਰ ਛੋਟੇ ਅਤੇ ਉਂਗਲਾਂ ਵਿਚਕਾਰ ਤੈਰਨ ਲਈ ਝਿੱਲੀ ਹੁੰਦੀ ਹੈ। ਇਸ ਦੀ ਸੰਘਣੀ ਫਰ ਪਾਣੀ ਵਿਚ ਰਹਿਣ ਸਮੇਂ ਸਰੀਰ ਨੂੰ ਗਰਮ ਰੱਖਣ ਵਿਚ ਮਦਦ ਕਰਦੀ ਹੈ। ਇਸ ਦੀਆਂ ਮੁੱਛਾਂ ਪਾਣੀ ਵਿਚ ਮੌਜੂਦ ਹਲਚਲ ਨੂੰ ਮਹਿਸੂਸ ਕਰਕੇ ਸ਼ਿਕਾਰ ਲੱਭਣ ਵਿਚ ਸਹਾਇਤਾ ਕਰਦੀਆਂ ਹਨ। ਇਹ ਮੁੱਖ ਤੌਰ ’ਤੇ ਮੱਛੀਆਂ ਤੋਂ ਇਲਾਵਾ ਡੱਡੂ, ਕੇਕੜੇ ਅਤੇ ਹੋਰ ਛੋਟੇ ਜਲ-ਜੀਵਾਂ ਨੂੰ ਆਪਣਾ ਭੋਜਨ ਬਣਾਉਂਦਾ ਹੈ। ਊਦਬਿਲਾਵ ਦੀ ਖ਼ਾਸੀਅਤ ਇਹ ਹੈ ਕਿ ਇਹ ਪਾਣੀ ਅਤੇ ਧਰਤੀ ਦੋਵਾਂ ਥਾਵਾਂ ’ਤੇ ਰਹਿ ਸਕਦਾ ਹੈ। ਦਿਨ ਦੇ ਸਮੇਂ ਇਹ ਅਕਸਰ ਦਰਿਆਵਾਂ ਦੇ ਕੰਢਿਆਂ, ਝਾੜੀਆਂ ਅਤੇ ਕੁਦਰਤੀ ਖੁੱਡਾਂ ਵਿਚ ਆਰਾਮ ਕਰਦਾ ਹੈ, ਜਦੋਂਕਿ ਸ਼ਿਕਾਰ ਲਈ ਪਾਣੀ ਵਿਚ ਉੱਤਰਦਾ ਹੈ। ਇਸ ਦੀ ਮੌਜੂਦਗੀ ਕਿਸੇ ਖੇਤਰ ਦੇ ਜਲ-ਵਾਤਾਵਰਨ ਦੀ ਸਿਹਤ ਬਾਰੇ ਵੀ ਮਹੱਤਵਪੂਰਨ ਸੰਕੇਤ ਦਿੰਦੀ ਹੈ। ਹਰੀਕੇ ਵਰਗੀ ਵਿਸ਼ਾਲ ਜਲਗਾਹ, ਜਿੱਥੇ ਦੇਸੀ ਅਤੇ ਵਿਦੇਸ਼ੀ ਪੰਛੀਆਂ ਤੋਂ ਇਲਾਵਾ ਕਈ ਤਰ੍ਹਾਂ ਦੇ ਜਲ-ਜੀਵ ਪਾਏ ਜਾਂਦੇ ਹਨ, ਊਦਬਿਲਾਵ ਲਈ ਵੀ ਢੁੱਕਵਾਂ ਕੁਦਰਤੀ ਰੈਣ ਬਸੇਰਾ ਹੈ ਪਰ ਸਤਲੁਜ ਦਰਿਆ ਵਿਚ ਲਗਾਤਾਰ ਵਧ ਰਿਹਾ ਜ਼ਹਿਰੀਲਾ ਮਾਦਾ, ਗੈਰ-ਕਾਨੂੰਨੀ ਮੱਛੀ ਫੜਨ ਦੀਆਂ ਗਤੀਵਿਧੀਆਂ, ਦਰਿਆਈ ਕੰਢਿਆਂ ’ਤੇ ਮਨੁੱਖੀ ਦਖ਼ਲਅੰਦਾਜ਼ੀ ਅਤੇ ਕੁਦਰਤੀ ਬਸੇਰਿਆਂ ਦੀ ਤਬਾਹੀ ਇਸ ਦੀ ਹੋਂਦ ਲਈ ਚੁਣੌਤੀ ਬਣ ਸਕਦੇ ਹਨ। ਵਾਤਾਵਰਨ ਪ੍ਰੇਮੀਆਂ ਅਨੁਸਾਰ ਹਰੀਕੇ ਦੇ ਦਰਿਆਈ ਖੇਤਰ ਨੂੰ ਸਿਰਫ਼ ਪ੍ਰਵਾਸੀ ਪੰਛੀਆਂ ਦੀ ਪਨਾਹਗਾਹ ਵਜੋਂ ਹੀ ਨਹੀਂ, ਸਗੋਂ ਦੁਰਲੱਭ ਜਲ-ਜੀਵਾਂ ਦੇ ਕੁਦਰਤੀ ਘਰ ਵਜੋਂ ਵੀ ਸੁਰੱਖਿਅਤ ਕਰਨ ਦੀ ਲੋੜ ਹੈ। ਊਦਬਿਲਾਵ ਸਮੇਤ ਹੋਰ ਜਲ-ਜੀਵਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਕੁਦਰਤੀ ਆਵਾਸ ਬਾਰੇ ਨਿਯਮਤ ਸਰਵੇਖਣ ਕਰਵਾਉਣਾ ਸਮੇਂ ਦੀ ਅਹਿਮ ਲੋੜ ਹੈ।