ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ’ਚ ਨਵੇਂ ਸੈਸ਼ਨ ਦੀ ਸ਼ੁਰੂਆਤ
ਜੋ ਵਿਦਿਆਰਥੀ ਆਪਣੀ ਮੰਜ਼ਿਲ ਤੈਅ ਕਰ ਕੇ ਲਗਾਤਾਰ ਮਿਹਨਤ ਕਰਦੇ ਹਨ, ਉਹੀ ਸਫ਼ਲਤਾ ਹਾਸਿਲ ਕਰਦੇ ਹਨ।
Publish Date: Sat, 04 Apr 2026 03:57 PM (IST)
Updated Date: Sun, 05 Apr 2026 03:59 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ’ਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਧਾਰਮਿਕ ਮਾਹੌਲ ’ਚ ਕੀਤੀ ਗਈ। ਇਸ ਮੌਕੇ ਸਕੂਲ ਦੇ ਸ਼ੁਭਾਇਮਾਨ ਸ੍ਰੀ ਗੁਰਦੁਆਰਾ ਸਾਹਿਬ ’ਚ ਸੰਗਤੀ ਰੂਪ ’ਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਉਪਰੰਤ ਸੰਗੀਤ ਅਧਿਆਪਕ ਭਾਈ ਬਹਾਲ ਸਿੰਘ ਤੇ ਵਿਦਿਆਰਥੀਆਂ ਵੱਲੋਂ ਗੁਰੂ ਦੀ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ, ਜਿਸ ਨਾਲ ਸਾਰਾ ਮਾਹੌਲ ਭਗਤੀਮਈ ਹੋ ਗਿਆ। ਇਸ ਮੌਕੇ ਸਕੂਲ ਦੇ ਧਾਰਮਿਕ ਅਧਿਆਪਕ ਜਗਜੀਤ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜ਼ਿੰਦਗੀ ਸਿੱਖਣ ਦਾ ਨਾਮ ਹੈ ਤੇ ਜੋ ਵਿਦਿਆਰਥੀ ਆਪਣੀ ਮੰਜ਼ਿਲ ਤੈਅ ਕਰ ਕੇ ਲਗਾਤਾਰ ਮਿਹਨਤ ਕਰਦੇ ਹਨ, ਉਹੀ ਸਫ਼ਲਤਾ ਹਾਸਿਲ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਦਿਆਰਥੀ ਹੀ ਇਕ ਵਧੀਆ ਤੇ ਇਨਸਾਫ਼ ਪਸੰਦ ਸਮਾਜ ਦੀ ਰਚਨਾ ਕਰਦੇ ਹਨ ਤੇ ਆਪਣੇ ਸਕੂਲ, ਮਾਤਾ-ਪਿਤਾ ਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਦੇ ਹਨ। ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ ਸੈਣੀ ਨੇ ਉਦਾਹਰਨ ਦੇ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਿਵੇਂ ਮਾਦਾ ਬਾਜ਼ ਆਪਣੇ ਬੱਚੇ ਨੂੰ ਉੱਚਾ ਉਡਾਣਾ ਸਿਖਾਉਣ ਲਈ ਉਸ ਨੂੰ ਆਜ਼ਾਦ ਕਰਦੀ ਹੈ, ਉਸੇ ਤਰ੍ਹਾਂ ਮਾਤਾ-ਪਿਤਾ ਤੇ ਅਧਿਆਪਕ ਬੱਚਿਆਂ ਨੂੰ ਵਿੱਦਿਆ ਦਾ ਖ਼ਜ਼ਾਨਾ ਦੇ ਕੇ ਉਨ੍ਹਾਂ ਨੂੰ ਉੱਚੀਆਂ ਉਡਾਣਾਂ ਭਰਨ ਲਈ ਤਿਆਰ ਕਰਦੇ ਹਨ। ਉਨ੍ਹਾਂ ਨੇ ਵਧੀਆ ਨੰਬਰ ਲੈ ਕੇ ਪਾਸ ਹੋਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਵੀ ਦਿੱਤੀ। ਅਖੀਰ ’ਚ ਗੁਰਬੀਰ ਸਿੰਘ ਢਿੱਲੋਂ, ਤਰਲੋਕ ਸਿੰਘ ਤੇ ਸਰਬਜੀਤ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰ ਕੇ ਉੱਚੇ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੀ ਵਾਈਸ ਪ੍ਰਿੰਸੀਪਲ ਨੀਰੂ ਸ਼ਰਮਾ, ਸੁਪਰਵਾਈਜ਼ਰ ਕਰਮਜੀਤ ਕੌਰ, ਪ੍ਰਦੀਪ ਕੌਰ, ਰੁਪਿੰਦਰ ਕੌਰ ਨੰਦਾ, ਰਣਜੀਤ ਕੌਰ, ਹਰਪ੍ਰੀਤ ਕੌਰ ਚੀਮਾ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।