ਸਫ਼ਲਤਾ ਪ੍ਰਾਪਤ ਕਰਨ ਲਈ ਚੰਗੇ ਅਧਿਆਪਕ ਤੇ ਕੋਚ ਦੇ ਮਾਰਗਦਰਸ਼ਨ ਦੀ ਲੋੜ : ਗੁਰਵਿੰਦਰ ਸਿੰਘ ਪੱਟੀ
ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵੀ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
Publish Date: Sun, 05 Apr 2026 07:10 PM (IST)
Updated Date: Mon, 06 Apr 2026 04:08 AM (IST)
ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਹਰ ਵਿਦਿਆਰਥੀ ਅੰਦਰ ਆਪਣੇ ਟੀਚੇ ਨੂੰ ਹਾਸਿਲ ਕਰਨ ਦੀ ਅਦਭੁੱਤ ਯੋਗਤਾ ਜ਼ਰੂਰ ਹੁੰਦੀ ਹੈ, ਸਿਰਫ ਲੋੜ ਹੁੰਦੀ ਹੈ ਇਸ ਕਾਬਲੀਅਤ ਨੂੰ ਪਛਾਣਨ ਦੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿੱਦਿਅਕ ਤੇ ਕੈਰੀਅਰ ਕੋਚ ਮਾਸਟਰ ਗੁਰਵਿੰਦਰ ਸਿੰਘ ਪੱਟੀ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਹਰ ਸਾਲ ਸਰਕਾਰੀ ਨੌਕਰੀ ਦੀਆਂ ਬਹੁਤ ਸਾਰੀਆਂ ਪੋਸਟਾਂ ਨਿਕਲਦੀਆਂ ਹਨ। ਵਿਦਿਆਰਥੀਆਂ ਨੂੰ ਆਪਣੀ ਵਿੱਦਿਅਕ ਯੋਗਤਾ ਅਨੁਸਾਰ ਮੌਕਾ ਜ਼ਰੂਰ ਲੈਣਾ ਚਾਹੀਦਾ ਹੈ। ਜਿਵੇਂ ਹੁਣ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਲਈ ਬਹੁਤ ਹੀ ਸੁਨਹਿਰੀ ਮੌਕਾ ਹੈ। ਵਿਦਿਆਰਥੀਆਂ ਨੂੰ ਆਪਣੇ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਆਪਣੀ ਤਿਆਰੀ ’ਤੇ ਫੋਕਸ ਕਰਨਾ ਚਾਹੀਦਾ ਹੈ। ਸਹੀ ਕਿਤਾਬਾਂ ਦੀ ਚੋਣ ਤੇ ਢੁੱਕਵਾਂ ਸਟੱਡੀ ਮਟੀਰੀਅਲ ਵੀ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਕਿਸੇ ਵੀ ਟੈਸਟ ਦੀ ਤਿਆਰੀ ਲਈ ਲਗਭਗ ਤਿੰਨ ਮਹੀਨੇ ਦਾ ਸਮਾਂ ਚਾਹੀਦਾ ਹੈ। ਕਾਂਸਟੇਬਲ ਤੇ ਹੋਰ ਟੈਸਟਾਂ ਦੇ ਲਿਖਤੀ ਟੈਸਟਾਂ ਦੀ ਤਾਰੀਖ ਕਿਸੇ ਵੀ ਸਮੇਂ ਅਨਾਊਂਸ ਹੋ ਸਕਦੀ ਹੈ। ਇਸ ਲਈ ਬਹੁਤ ਹੀ ਜ਼ਿਆਦਾ ਇਕਾਗਰਤਾ ਨਾਲ ਤਿਆਰੀ ਕਰਨ ਦੀ ਲੋੜ ਹੈ। ਫਿਜ਼ੀਕਲ ਟੈਸਟ ਦੀ ਤਿਆਰੀ ਵੀ ਨਾਲ-ਨਾਲ ਕਰਨੀ ਚਾਹੀਦੀ ਹੈ।
ਚੰਗੀ ਖੁਰਾਕ, ਪਾਜ਼ੀਟਿਵ ਸੋਚ, ਸਮੇਂ ਦੀ ਕਦਰ, ਚੰਗੇ ਅਧਿਆਪਕਾਂ ਤੇ ਕੋਚਾਂ ਦੇ ਮਾਰਗਦਰਸ਼ਨ ਤੋਂ ਬਿਨਾਂ ਸਫ਼ਲ ਹੋਣਾ ਸੰਭਵ ਨਹੀਂ ਹੁੰਦਾ। ਟੈਸਟਾਂ ਦੀ ਤਿਆਰੀ ਦੇ ਨਾਲ-ਨਾਲ ਇਕ ਚੰਗੇ ਇਨਸਾਨ ਬਣਨਾ ਵੀ ਜ਼ਰੂਰੀ ਹੈ। ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵੀ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੀ ਭਵਿੱਖ ਲਈ ਪਾਣੀ ਬਚਾਉਣ ਤੇ ਵਾਤਾਵਰਨ ਦੀ ਸੰਭਾਲ ਵੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।