ਨਗਰ ਕੌਂਸਲ ਪੱਟੀ ਦੇ ਮੁਲਾਜਮਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਗੰਦਗੀ ਦੇ ਢੇਰ, ਲੋਕਾਂ ’ਚ ਰੋਸ ਨਗਰ ਕੌਂਸਲ ਪੱਟੀ ਦੇ ਮੁਲਾਜਮਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਗੰਦਗੀ ਦੇ ਢੇਰ, ਲੋਕਾਂ ਵਿਚ ਰੋਸ
Publish Date: Wed, 15 Jul 2026 05:52 PM (IST)
Updated Date: Thu, 16 Jul 2026 04:01 AM (IST)
ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਨਗਰ ਕੌਂਸਲ ਪੱਟੀ ਦੇ ਮੁਲਾਜਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਹਨ, ਜਿਸ ਦਾ ਸਿੱਧਾ ਅਸਰ ਸ਼ਹਿਰ ਦੀ ਸਫਾਈ ਵਿਵਸਥਾ ਤੇ ਪੈ ਰਿਹਾ ਹੈ। ਹੜਤਾਲ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕੂੜੇ ਅਤੇ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ, ਸੜਕਾਂ ਅਤੇ ਜਨਤਕ ਥਾਵਾਂ ਤੇ ਫੈਲੀ ਗੰਦਗੀ ਕਾਰਨ ਲੋਕਾਂ ਵਿਚ ਨਗਰ ਕੌਂਸਲ ਪ੍ਰਸ਼ਾਸਨ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਪੱਟੀ ਦੇ ਸਫਾਈ ਕਰਮਚਾਰੀ ਅਤੇ ਹੋਰ ਮੁਲਾਜਮ ਆਪਣੀਆਂ ਮੰਗਾਂ ਦੇ ਹੱਲ ਲਈ ਹੜਤਾਲ ਕਰ ਰਹੇ ਹਨ। ਹੜਤਾਲ ਦੇ ਚੱਲਦਿਆਂ ਕਈ ਦਿਨਾਂ ਤੋਂ ਸ਼ਹਿਰ ਵਿਚ ਨਿਯਮਤ ਸਫਾਈ ਨਹੀਂ ਹੋ ਰਹੀ, ਜਿਸ ਕਾਰਨ ਕੂੜੇ ਦੇ ਢੇਰ ਲਗਾਤਾਰ ਵੱਧ ਰਹੇ ਹਨ। ਸਭ ਤੋਂ ਵੱਧ ਮਾੜੇ ਹਾਲਾਤ ਪੱਟੀ ਬੱਸ ਅੱਡੇ, ਗਾਂਧੀ ਸੱਥ, ਪੁਰਾਣੀ ਕੈਰੋਂ ਰੋਡ, ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਨੇੜਲੇ ਇਲਾਕੇ ਅਤੇ ਹੋਰ ਰਿਹਾਇਸ਼ੀ ਮੁਹੱਲਿਆਂ ਵਿਚ ਦੇਖਣ ਨੂੰ ਮਿਲ ਰਹੇ ਹਨ। ਪੱਟੀ ਬੱਸ ਅੱਡੇ ਤੇ ਹਰ ਰੋਜ਼ ਸੈਂਕੜੇ ਯਾਤਰੀ ਆਉਂਦੇ-ਜਾਂਦੇ ਹਨ, ਪਰ ਇੱਥੇ ਲੱਗੇ ਕੂੜੇ ਦੇ ਢੇਰਾਂ ਤੋਂ ਬਦਬੂ ਫੈਲਣੀ ਸ਼ੁਰੂ ਹੋ ਗਈ ਹੈ। ਯਾਤਰੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਮਾਹੌਲ ਗੰਦਾ ਹੋ ਗਿਆ ਹੈ। ਇਸੇ ਤਰ੍ਹਾਂ ਗਾਂਧੀ ਸੱਥ ਵਿਚ ਵੀ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਨੂੰ ਲੰਘਣ ਵਿਚ ਮੁਸ਼ਕਲ ਆ ਰਹੀ ਹੈ ਅਤੇ ਬਦਬੂ ਕਾਰਨ ਉੱਥੇ ਖੜ੍ਹਾ ਹੋਣਾ ਵੀ ਔਖਾ ਹੋ ਗਿਆ ਹੈ। ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਵਿਦਿਆਰਥਣਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਸਮੇਂ ਦੌਰਾਨ ਇੱਥੋਂ ਲੰਘਣ ਵਾਲੇ ਬੱਚਿਆਂ ਨੂੰ ਬਦਬੂ ਅਤੇ ਅਸਵੱਛ ਮਾਹੌਲ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪੁਰਾਣੀ ਕੈਰੋਂ ਰੋਡ ਤੇ ਵੀ ਕੂੜੇ ਦੇ ਢੇਰਾਂ ਨੇ ਰਾਹਗੀਰਾਂ ਅਤੇ ਆਲੇ-ਦੁਆਲੇ ਦੇ ਵਸਨੀਕਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਮੌਕੇ ਹਰਜਿੰਦਰ ਸਿੰਘ, ਕਾਬਲ ਸਿੰਘ, ਬਲਜੀਤ ਸਿੰਘ, ਕੁਲਜੀਤ ਸਿੰਘ ਅਤੇ ਬਲਵਿੰਦਰ ਕੁਮਾਰ ਨੇ ਕਿਹਾ ਕਿ ਗਰਮੀ ਅਤੇ ਬਰਸਾਤ ਦੇ ਮੌਸਮ ਵਿਚ ਗੰਦਗੀ ਦੇ ਢੇਰ ਕਈ ਬਿਮਾਰੀਆਂ ਨੂੰ ਸੱਦਾ ਦੇ ਸਕਦੇ ਹਨ। ਮੱਖੀਆਂ, ਮੱਛਰਾਂ ਅਤੇ ਹੋਰ ਕੀੜੇ-ਮਕੌੜਿਆਂ ਦੀ ਗਿਣਤੀ ਵਧਣ ਨਾਲ ਡੇਂਗੂ, ਮਲੇਰੀਆ ਅਤੇ ਹੋਰ ਸੰਕਰਾਮਕ ਬਿਮਾਰੀਆਂ ਫੈਲਣ ਦਾ ਖਤਰਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਜਲਦ ਬਹਾਲ ਕਰਨਾ ਬਹੁਤ ਜ਼ਰੂਰੀ ਹੈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਪੱਟੀ ਦੇ ਕਾਰਜ ਸਾਧਕ ਅਫਸਰ ਅਤੇ ਐੱਸਡੀਐੱਮ ਪੱਟੀ ਨੂੰ ਅਪੀਲ ਕੀਤੀ ਹੈ ਕਿ ਮੁਲਾਜਮਾਂ ਦੀਆਂ ਜਾਇਜ਼ ਮੰਗਾਂ ਦਾ ਜਲਦ ਹੱਲ ਕੱਢਿਆ ਜਾਵੇ ਤਾਂ ਜੋ ਹੜਤਾਲ ਖਤਮ ਹੋ ਸਕੇ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਮੁੜ ਪਟੜੀ ਤੇ ਆ ਸਕੇ। ਬਾਕਸ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਕੱਢਿਆ ਜਾਵੇ ਪੱਕਾ ਹੱਲ : ਹਰਪ੍ਰੀਤ ਸਿੰਘ ਸੰਧੂ ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੀਪੀਸੀਸੀ ਦੇ ਮੈਂਬਰ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਨਗਰ ਕੌਂਸਲ ਪੱਟੀ ਦੇ ਮੁਲਾਜਮ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਜਿਨ੍ਹਾਂ ਦਾ ਹੱਲ ਗੱਲਬਾਤ ਰਾਹੀਂ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਹੜਤਾਲ ਚੱਲਣ ਨਾਲ ਨਾ ਸਿਰਫ ਮੁਲਾਜਮ ਪ੍ਰਭਾਵਿਤ ਹੁੰਦੇ ਹਨ, ਸਗੋਂ ਸ਼ਹਿਰ ਦੀ ਸਫਾਈ ਅਤੇ ਲੋਕਾਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪੱਟੀ ਸ਼ਹਿਰ ਵਿਚ ਲੱਗੇ ਗੰਦਗੀ ਦੇ ਢੇਰਾਂ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਸਫਾਈ ਵਿਵਸਥਾ ਨੂੰ ਮੁੜ ਸੁਚਾਰੂ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਤੇ ਪ੍ਰਸ਼ਾਸਨ ਵਿਚਾਲੇ ਸਹਿਮਤੀ ਹੀ ਇਸ ਸਮੱਸਿਆ ਦਾ ਸਥਾਈ ਹੱਲ ਹੈ।