- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਨਾ ਨਾਂਬਰ ਪਲੇਟਾਂ ਦੇ ਸੜਕਾਂ ’ਤੇ ਦੌੜਦੇ ਮੋਟਰਸਾਈਕਲ ਬਣ ਰਹੇ ਹਨ ਦਹਿਸ਼ਤ ਦਾ ਕਾਰਨ

ਫਿਰੌਤੀ ਦੀਆਂ ਧਮਕੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਚੱਲਦਿਆਂ ਲੋਕਾਂ ’ਚ ਵਧਿਆ ਖੌਫ਼
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਬ ਡਵੀਜ਼ਨ ਦੇ ਕਸਬਾ ਫਤਿਆਬਾਦ ਇਲਾਕੇ ਵਿਚ ਪਿਛਲੇ ਕੁਝ ਸਮੇਂ ਦੌਰਾਨ ਫਿਰੌਤੀ ਦੀਆਂ ਧਮਕੀਆਂ ਅਤੇ ਦਿਨ-ਦਿਹਾੜੇ ਗੋਲੀਬਾਰੀ ਵਰਗੀਆਂ ਘਟਨਾਵਾਂ ਨੇ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ। ਇਸ ਮਾਹੌਲ ਵਿਚ ਸੜਕਾਂ ’ਤੇ ਵੱਡੀ ਗਿਣਤੀ ਵਿਚ ਬਿਨਾਂ ਨੰਬਰੀ ਬੇਰੋਕ ਟੋਕ ਘੁੰਮਦੇ ਮੋਟਰਸਾਈਕਲ ਲੋਕਾਂ ਦੀ ਦਹਿਸ਼ਤ ਦਾ ਕਾਰਨ ਬਣਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਫਤਿਆਬਾਦ ਨਿਵਾਸੀ ਐਡਵੋਕੇਟ ਸਾਹਿਲ ਪ੍ਰੀਤ ਸਿੰਘ ਕੰਬੋਜ ਨੇ ਕਿਹਾ ਕਿ ਕਈ ਵਾਹਨ ਚਾਲਕ ਜਾਣਬੁੱਝ ਕੇ ਨੰਬਰ ਪਲੇਟਾਂ ਹਟਾ ਦਿੰਦੇ ਹਨ ਜਾਂ ਅਜਿਹੀਆਂ ਪਲੇਟਾਂ ਲਗਾ ਲੈਂਦੇ ਹਨ, ਜਿਨ੍ਹਾਂ ’ਤੇ ਰਜਿਸਟ੍ਰੇਸ਼ਨ ਨੰਬਰ ਸਪੱਸ਼ਟ ਤੌਰ ’ਤੇ ਪੜ੍ਹਿਆ ਨਹੀਂ ਜਾ ਸਕਦਾ। ਅਜਿਹੇ ਵਾਹਨ ਨਾ ਸਿਰਫ਼ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਸਗੋਂ ਕਿਸੇ ਅਪਰਾਧ ਜਾਂ ਹਾਦਸੇ ਦੀ ਸੂਰਤ ਵਿਚ ਪੁਲਿਸ ਜਾਂਚ ਲਈ ਵੀ ਵੱਡੀ ਰੁਕਾਵਟ ਬਣਦੇ ਹਨ।
ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਦਿਓਲ ਨੇ ਕਿਹਾ ਕਿ ਜਦੋਂ ਇਲਾਕੇ ਵਿਚ ਅਪਰਾਧਿਕ ਵਾਰਦਾਤਾਂ ਨੂੰ ਲੈ ਕੇ ਪਹਿਲਾਂ ਹੀ ਡਰ ਦਾ ਮਾਹੌਲ ਹੋਵੇ, ਤਾਂ ਬਿਨਾਂ ਨੰਬਰੀ ਵਾਹਨਾਂ ਦੀ ਆਵਾਜਾਈ ਚਿੰਤਾ ਨੂੰ ਹੋਰ ਵਧਾ ਦਿੰਦੀ ਹੈ। ਜੇਕਰ ਹਰ ਵਾਹਨ ’ਤੇ ਨਿਯਮਾਂ ਅਨੁਸਾਰ ਸਪੱਸ਼ਟ ਨੰਬਰ ਪਲੇਟ ਲੱਗੀ ਹੋਵੇ ਤਾਂ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਰਤ ਵਿਚ ਉਸ ਦੀ ਪਛਾਣ ਕਰਨਾ ਆਸਾਨ ਹੋ ਸਕਦਾ ਹੈ।
ਕਸਬੇ ਦੇ ਸਮਾਜ ਸੇਵੀ ਤੇ ਕਾਰੋਬਾਰੀ ਆਗੂ ਰਾਜੀਵ ਸ਼ਰਮਾ ਨੇ ਟਰੈਫਿਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਿਨਾਂ ਨੰਬਰੀ ਅਤੇ ਗੈਰ-ਕਾਨੂੰਨੀ ਨੰਬਰ ਪਲੇਟਾਂ ਵਾਲੇ ਵਾਹਨਾਂ ਵਿਰੁੱਧ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਕਾਰਵਾਈ ਨਾਲ ਨਾ ਸਿਰਫ਼ ਕਾਨੂੰਨ ਦੀ ਪਾਲਣਾ ਯਕੀਨੀ ਬਣੇਗੀ, ਸਗੋਂ ਅਪਰਾਧਿਕ ਤੱਤਾਂ ’ਤੇ ਨਕੇਲ ਕੱਸਣ ਵਿਚ ਮਦਦ ਮਿਲੇਗੀ ਅਤੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਵੇਗੀ। ਲੋਕਾਂ ਦੀ ਮੰਗ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਬਿਨਾਂ ਨੰਬਰ ਵਾਲੇ ਵਾਹਨਾਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਾਨੂੰਨ ਦਾ ਡਰ ਬਣੇ ਅਤੇ ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
----------
ਬਾਕਸ-
ਅਜਿਹੇ ਵਾਹਨਾਂ ਖ਼ਿਲਾਫ਼ ਹੋਰ ਸਖ਼ਤੀ ਨਾਲ ਹੋਵੇਗੀ ਕਾਰਵਾਈ : ਡੀਐੱਸਪੀ
ਸਬ ਡਵੀਜ਼ਨ ਪੁਲਿਸ ਗੋਇੰਦਵਾਲ ਸਾਹਿਬ ਦੇ ਡੀਐੱਸਪੀ ਹਰਿੰਦਰ ਸਿੰਘ ਨੇ ਕਿਹਾ ਕਿ ਬਿਨਾਂ ਨੰਬਰੀ ਅਤੇ ਮੋਡੀਫਾਇਡ ਨੰਬਰ ਪਲੇਟਾਂ ਵਾਲੇ ਵਾਹਨਾਂ ਖ਼ਿਲਾਫ਼ ਸਮੇਂ-ਸਮੇਂ ’ਤੇ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਚਲਾਨ ਅਤੇ ਹੋਰ ਲੋੜੀਂਦੀ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ’ਤੇ ਨਿਯਮਾਂ ਅਨੁਸਾਰ ਨੰਬਰ ਪਲੇਟ ਲਗਾਉਣਾ ਹਰ ਵਾਹਨ ਮਾਲਕ ਦੀ ਕਾਨੂੰਨੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਨੰਬਰੀ ਵਾਹਨ ਅਪਰਾਧਿਕ ਘਟਨਾਵਾਂ ਦੀ ਜਾਂਚ ਵਿਚ ਰੁਕਾਵਟ ਬਣ ਸਕਦੇ ਹਨ। ਇਸ ਲਈ ਅਜਿਹੇ ਵਾਹਨਾਂ ਖ਼ਿਲਾਫ਼ ਹੋਰ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ’ਤੇ ਨਿਯਮਾਂ ਅਨੁਸਾਰ ਨੰਬਰ ਪਲੇਟਾਂ ਲਗਾਉਣ ਅਤੇ ਵਾਹਨਾਂ ਦੇ ਕਾਗਜ਼ ਪੂਰੇ ਰੱਖਣ ਅਤੇ ਸ਼ੱਕੀ ਜਾਂ ਬਿਨਾਂ ਨੰਬਰੀ ਵਾਹਨਾਂ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ।