ਪੰਜਾਬ 'ਚ ਸਨਸਨੀਖੇਜ਼ ਵਾਰਦਾਤ: ਮਾਮੇ ਨਾਲ ਜਾ ਰਹੀ ਨਾਬਾਲਗ ਕੁੜੀ ਨੂੰ ਸ਼ਰੇਆਮ ਕੀਤਾ ਅਗਵਾ, ਬਲੈਰੋ ਸਵਾਰ ਅੱਧਾ ਦਰਜਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
ਮਾਮੇ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਿਸ਼ਤੇਦਾਰੀ ਵਿਚ ਜਾ ਰਹੀ ਨਾਬਾਲਿਗ ਕੁੜੀ ਨੂੰ ਕਥਿਤ ਤੌਰ ’ਤੇ ਬਲੈਰੋ ਸਵਾਰ ਲੋਕਾਂ ਨੇ ਉਸਦੇ ਮਾਮੇ ਦੀ ਕੁੱਟਮਾਰ ਕਰਕੇ ਅਗਵਾ ਕਰ ਲਿਆ। ਉਕਤ ਘਟਨਾ ਸਬੰਧੀ ਕਾਰਵਾਈ ਕਰਦਿਆਂ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਛੇ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Tue, 02 Jun 2026 11:22 AM (IST)
Updated Date: Tue, 02 Jun 2026 11:24 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਮਾਮੇ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਿਸ਼ਤੇਦਾਰੀ ਵਿਚ ਜਾ ਰਹੀ ਨਾਬਾਲਿਗ ਕੁੜੀ ਨੂੰ ਕਥਿਤ ਤੌਰ ’ਤੇ ਬਲੈਰੋ ਸਵਾਰ ਲੋਕਾਂ ਨੇ ਉਸਦੇ ਮਾਮੇ ਦੀ ਕੁੱਟਮਾਰ ਕਰਕੇ ਅਗਵਾ ਕਰ ਲਿਆ। ਉਕਤ ਘਟਨਾ ਸਬੰਧੀ ਕਾਰਵਾਈ ਕਰਦਿਆਂ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਛੇ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
48 ਸਾਲਾ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਭੈਣ ਕਠੂਆ ਜ਼ਿਲ੍ਹੇ ਵਿਚ ਵਿਆਹੀ ਹੈ ਅਤੇ ਉਸਦੀ ਕਰੀਬ 17 ਸਾਲਾ ਭਣੇਵੀ ਉਨ੍ਹਾਂ ਕੋਲ ਰਹਿੰਦੀ ਹੈ। 16 ਮਈ ਨੂੰ ਉਹ ਆਪਣੀ ਭਣੇਵੀ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੂਆ ਦੇ ਲੜਕੇ ਨੂੰ ਮਿਲਣ ਵਾਸਤੇ ਪਿੰਡ ਸੰਘਰ ਕਲਾਂ ਆ ਰਿਹਾ ਸੀ।
ਰਸਤੇ ਵਿਚ ਸੂਏ ਦੇ ਕੋਲ ਚਿੱਟੇ ਰੰਗ ਦੀ ਬਲੈਰੋ ਗੱਡੀ ਮੋਟਰਸਾਈਕਲ ਅੱਗੇ ਲਗਾ ਕੇ ਅੱਧਾ ਦਰਜਨ ਦੇ ਕਰੀਬ ਲੋਕਾਂ ਨੇ ਉਸ ਨੂੰ ਰੋਕ ਲਿਆ ਅਤੇ ਉਸਦੀ ਕੁੱਟਮਾਰ ਕਰਨ ਲੱਗ ਪਏ।
ਜਦੋਂਕਿ ਉਸਦੀ ਭਣੇਵੀ ਨੂੰ ਜ਼ਬਰੀ ਚੁੱਕ ਕੇ ਗੱਡੀ ਵਿਚ ਸੁੱਟਿਆ ਅਤੇ ਭਜਾ ਕੇ ਲੈ ਗਏ। ਉਹ ਬਰਾਦਰੀ ਵਿਚ ਭਾਲ ਕਰ ਰਿਹਾ ਸੀ ਤਾਂ ਪਤਾ ਲੱਗਾ ਕਿ ਉਸਦੀ ਭਣੇਵੀ ਨੂੰ ਰਾਣਾ ਪੁੱਤਰ ਹੁਸੈਨ ਦਾਸ, ਨੁੰਨ ਪੁੱਤਰ ਮੀਨ, ਹਾਸਿਮ ਪੁੱਤਰ ਹੁਸੈਨ ਵਾਸੀ ਅੰਨਗੜ੍ਹ ਅੰਮ੍ਰਿਤਸਰ, ਪ੍ਰਵੇਜ ਪੁੱਤਰ ਬਸ਼ੀਰ ਅਹਿਮਦ ਵਾਸੀ ਪਿੰਡ ਮਾਨੂੰਆ ਜ਼ਿਲ੍ਹਾ ਕਠੂਆ ਜੰਮੂ ਕਸ਼ਮੀਰ ਅਤੇ ਦੋ ਅਣਪਛਾਤਿਆਂ ਨੇ ਅਗਵਾ ਕੀਤਾ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿਚ ਦਰਜ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।