CM ਮਾਨ ਦਾ ਵੱਡਾ ਐਲਾਨ: ਪੱਟੀ ’ਚ ਕੁੜੀਆਂ ਲਈ ਬਣੇਗਾ ਮੈਡੀਕਲ ਕਾਲਜ, 'ਲੋਕ ਮਿਲਣੀ' ਦੌਰਾਨ ਵਿਰੋਧੀਆਂ 'ਤੇ ਸਾਧੇ ਨਿਸ਼ਾਨੇ
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਆਪਣੀ ਪਸੰਦ ਦਾ ਉਮੀਦਵਾਰ ਦਿੰਦੀਆਂ ਸਨ ਪਰ 'ਆਪ' ਨੇ ਲੋਕਾਂ ਦੀ ਪਸੰਦ ਨੂੰ ਪਹਿਲ ਦਿੱਤੀ ਹੈ। ਮੁੱਖ ਮੰਤਰੀ ਨੇ ਸ਼ਾਮ ਸਿੰਘ ਅਟਾਰੀ ਦੇ ਨਾਮ 'ਤੇ ਕੁੜੀਆਂ ਲਈ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਦਾਅਵਾ ਕੀਤਾ ਕਿ ਯੂ.ਪੀ.ਐੱਸ.ਸੀ. (UPSC) ਦਾ ਸੈਂਟਰ ਬਣਾ ਕੇ ਨੌਜਵਾਨਾਂ ਨੂੰ ਪੀ.ਸੀ.ਐੱਸ. (PCS) ਅਤੇ ਆਈ.ਪੀ.ਐੱਸ. (IPS) ਬਣਾਇਆ ਜਾਵੇਗਾ।
Publish Date: Mon, 16 Nov 2026 04:38 PM (IST)
Updated Date: Mon, 16 Nov 2026 04:59 PM (IST)
ਧਰਮਬੀਰ ਸਿੰਘ ਮਲਹਾਰ, ਜਾਗਰਣ, ਤਰਨਤਾਰਨ। ਪੱਟੀ ਦੇ ਪਿੰਡ ਸਭਰਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਲੋਕ ਮਿਲਣੀ' ਪ੍ਰੋਗਰਾਮ ਤਹਿਤ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਪਾਰਟੀ ਉਮੀਦਵਾਰ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੰਗ 'ਤੇ ਹੀ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਆਪਣੀ ਪਸੰਦ ਦਾ ਉਮੀਦਵਾਰ ਦਿੰਦੀਆਂ ਸਨ ਪਰ 'ਆਪ' ਨੇ ਲੋਕਾਂ ਦੀ ਪਸੰਦ ਨੂੰ ਪਹਿਲ ਦਿੱਤੀ ਹੈ। ਮੁੱਖ ਮੰਤਰੀ ਨੇ ਸ਼ਾਮ ਸਿੰਘ ਅਟਾਰੀ ਦੇ ਨਾਮ 'ਤੇ ਕੁੜੀਆਂ ਲਈ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਦਾਅਵਾ ਕੀਤਾ ਕਿ ਯੂ.ਪੀ.ਐੱਸ.ਸੀ. (UPSC) ਦਾ ਸੈਂਟਰ ਬਣਾ ਕੇ ਨੌਜਵਾਨਾਂ ਨੂੰ ਪੀ.ਸੀ.ਐੱਸ. (PCS) ਅਤੇ ਆਈ.ਪੀ.ਐੱਸ. (IPS) ਬਣਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕਿਸੇ ਵੀ ਆਗੂ ਨੇ ਜਨਤਾ ਲਈ ਕੁਝ ਨਹੀਂ ਮੰਗਿਆ ਪਰ ਜੱਸਾ ਪੱਟੀ ਹਲਕੇ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਬਾਦਲ ਪਰਿਵਾਰ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਇਹ ਤਿੰਨ ਪੀੜ੍ਹੀਆਂ ਖਾਣ ਵਾਲੀ ਪਾਰਟੀ ਹੈ। ਬਚਪਨ, ਜਵਾਨੀ ਅਤੇ ਬੁਢਾਪੇ ਨੂੰ ਨਿਗਲਣ ਵਾਲੀ ਪਾਰਟੀ ਤੋਂ ਅੱਜ ਬਚਣ ਦੀ ਲੋੜ ਹੈ।
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਨੂੰ 80 ਸਾਲ ਹੋਣ ਵਾਲੇ ਹਨ ਪਰ ਅਸੀਂ ਕੁਝ ਹਾਸਲ ਨਹੀਂ ਕੀਤਾ। ਆਏ ਦਿਨ ਪਾਕਿਸਤਾਨ ਨਾਲ ਲੜਾਈ ਦੇ ਹਾਲਾਤ ਬਣਦੇ ਹਨ ਤਾਂ ਕਦੇ ਹੜ੍ਹਾਂ ਦੀ ਸਥਿਤੀ ਆਉਂਦੀ ਹੈ। ਮਾਝੇ ਦੇ ਲੋਕਾਂ ਨੇ ਅਕਸਰ ਸੰਤਾਪ ਭੋਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸੁੱਚਾ ਸਿੰਘ ਲੰਗਾਹ, ਵਿਰਸਾ ਸਿੰਘ ਵਲਟੋਹਾ ਅਤੇ ਹੋਰ ਆਗੂਆਂ ਨੂੰ ਵੀ ਦੇਖੋ, ਸਾਰੇ ਜਨਤਕ ਅਤੇ ਧਾਰਮਿਕ ਨੁਕਸਾਨ ਕਰਨ ਵਾਲੇ ਹਨ। ਮਾਝੇ ਦੇ ਲੋਕ ਇਸ ਵਾਰ ਮਾਲਵੇ ਦਾ ਵੀ ਰਿਕਾਰਡ ਤੋੜਨਗੇ। ਖੇਮਕਰਨ ਤੋਂ ਲੈ ਕੇ ਪਠਾਨਕੋਟ ਤੱਕ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਆਮ ਆਦਮੀ ਪਾਰਟੀ (ਆਪ) ਦੀ ਸ਼ਾਨਦਾਰ ਜਿੱਤ ਹੋਵੇਗੀ, ਕਿਉਂਕਿ ਪੌਣੇ ਪੰਜ ਸਾਲਾਂ ਵਿੱਚ ਅਸੀਂ ਸਾਰੀਆਂ ਚੋਣ ਗਾਰੰਟੀਆਂ ਪੂਰੀਆਂ ਕੀਤੀਆਂ ਹਨ। ਬਿਜਲੀ ਬਿੱਲਾਂ ਦੀ ਮੁਆਫ਼ੀ, ਖੇਤੀਬਾੜੀ ਲਈ ਬਿਜਲੀ ਅਤੇ ਨਹਿਰੀ ਪਾਣੀ, ਔਰਤਾਂ ਨੂੰ ਮਾਣ ਭੱਤਾ, ਨੌਜਵਾਨਾਂ ਨੂੰ ਨੌਕਰੀਆਂ, ਬਿਹਤਰ ਸਿਹਤ ਅਤੇ ਸਿੱਖਿਆ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਚੱਲ ਰਹੀ ਹੈ, ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਇਆ ਜਾ ਰਿਹਾ ਹੈ ਅਤੇ ਵੱਡੇ ਮਗਰਮੱਛਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਮੈਂ ਰਾਤ ਨੂੰ ਵੀ ਅਧਿਕਾਰੀਆਂ ਨਾਲ ਸੰਪਰਕ ਕਰਦਾ ਹਾਂ। ਜੇਕਰ ਕਿਸਾਨ ਰਾਤ ਨੂੰ ਖੇਤਾਂ ਵਿੱਚ ਕੰਮ ਕਰ ਸਕਦੇ ਹਨ ਤਾਂ ਸੀ.ਐੱਮ. ਦਫ਼ਤਰ ਵੀ ਰਾਤ ਨੂੰ ਲਗਾਉਣ ਵਿੱਚ ਕੋਈ ਹਰਜ਼ ਨਹੀਂ। ਜੇਕਰ ਮੈਂ ਪੈਸਾ ਕਮਾਉਣਾ ਹੁੰਦਾ ਤਾਂ ਕਲਾਕਾਰ ਰਹਿੰਦਾ। ਕਲਾਕਾਰਾਂ ਦਾ ਮੰਚ ਛੱਡ ਕੇ ਮੈਂ ਸਿਆਸੀ ਮੰਚ 'ਤੇ ਹਾਂ।
ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲ ਅਤੇ ਕੈਪਟਨ ਪਰਿਵਾਰ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਉਂਦੇ ਸਨ। ਹੁਣ ਤੀਜੀ ਧਿਰ ਵਜੋਂ ਆਮ ਆਦਮੀ ਪਾਰਟੀ ਸਾਰਿਆਂ ਦੇ ਸਾਹਮਣੇ ਹੈ। ਸਾਡੀ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਨੂੰ ਨਾਭਾ ਜੇਲ੍ਹ ਵਿੱਚ ਤਰੀ ਵਾਲੇ ਬੈਂਗਣ ਖੁਆਏ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਵਾਰੀ ਹੈ। ਪਹਿਲਾਂ ਲਾਲ ਬੱਤੀ ਵਾਲੀ ਗੱਡੀ ਵਿੱਚ ਚਿੱਟਾ ਵਿਕਦਾ ਸੀ। ਅਜਿਹੇ ਵਿੱਚ ਲਾਲ ਬੱਤੀ ਨੂੰ ਬਦਨਾਮ ਕੀਤਾ ਗਿਆ। ਮੈਨੂੰ ਅਧਿਕਾਰੀ ਦੱਸਦੇ ਹਨ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਲਾਲ ਬੱਤੀ ਵਾਲੀ ਗੱਡੀ ਨੂੰ ਨਾਕੇ 'ਤੇ ਨਹੀਂ ਰੋਕਿਆ ਜਾਂਦਾ ਸੀ।
ਮਾਨ ਨੇ ਦੋਸ਼ ਲਾਇਆ ਕਿ ਇਹੀ ਕਾਰਨ ਹੈ ਕਿ ਪੰਜਾਬ ਵਿੱਚ ਭੈਣਾਂ ਦੇ ਸੁਹਾਗ ਉੱਜੜੇ ਅਤੇ ਬੱਚਿਆਂ ਦੇ ਸਿਰੋਂ ਪਿਤਾ ਦਾ ਸਾਇਆ ਉੱਠਿਆ। ਧਰਮ ਦੇ ਨਾਮ 'ਤੇ ਅਕਾਲੀ ਦਲ ਨੇ ਬਰਬਾਦੀ ਤੋਂ ਸਿਵਾਏ ਕੁਝ ਨਹੀਂ ਕੀਤਾ। ਧਾਰਮਿਕ ਅਸਥਾਨਾਂ ਦੀਆਂ ਸਰਾਵਾਂ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਸਾਰਿਆਂ ਦੇ ਸਾਹਮਣੇ ਹੈ। ਭਾਜਪਾ ਨੇ ਕਿਸਾਨੀ ਨੂੰ ਬਰਬਾਦ ਕੀਤਾ। ਕਾਂਗਰਸ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਦੇ ਨਾਲ-ਨਾਲ ਸਿੱਖ ਕਤਲੇਆਮ ਕੀਤਾ। ਜਦੋਂ ਕਿ ਅਕਾਲੀ ਦਲ ਨੇ ਪੰਜਾਬ ਵਿੱਚ ਚਿੱਟਾ ਫੈਲਾ ਕੇ ਜਵਾਨੀ ਬਰਬਾਦ ਕੀਤੀ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ ਪੇਸ਼ ਹੋ ਕੇ ਗਲਤੀਆਂ ਮੰਨਣ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਵੋਟਾਂ ਬਟੋਰਨ ਲਈ ਕੋਈ ਕਸਰ ਨਹੀਂ ਛੱਡ ਰਹੇ। ਦਿੱਲੀ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਸਾਡੀ ਸਰਕਾਰ ਨੇ ਸਾਰ ਲਈ। ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਵਨੀਤ ਸਿੰਘ ਬਿੱਟੂ, ਮਨਪ੍ਰੀਤ ਸਿੰਘ ਬਾਦਲ ਸਮੇਤ ਹੋਰ ਆਗੂ ਪਹਿਲਾਂ ਕਾਂਗਰਸ ਵਿੱਚ ਸਨ। ਹੁਣ ਭਾਜਪਾ ਦੇ ਤਲਵੇ ਚੱਟ ਰਹੇ ਹਨ। ਭਾਜਪਾ ਨਾਲ ਗੱਠਜੋੜ ਲਈ ਸੁਖਬੀਰ ਸਿੰਘ ਬਾਦਲ ਮਿੰਨਤਾਂ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ, ਸ੍ਰੀ ਪਟਨਾ ਸਾਹਿਬ, ਨਵੀਂ ਦਿੱਲੀ, ਹਰਿਆਣਾ ਵਿੱਚ ਭਾਜਪਾ ਨੂੰ ਖੁਸ਼ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੋਹ ਕੇ ਵੱਖਰੀਆਂ ਕਮੇਟੀਆਂ ਬਣਵਾਈਆਂ। ਬਦਲੇ ਵਿੱਚ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿੱਚ ਮੰਤਰੀ ਬਣਵਾਇਆ। ਸ਼੍ਰੋਮਣੀ ਅਕਾਲੀ ਦਲ 'ਤੇ ਜਦੋਂ ਵੀ ਸੰਕਟ ਆਉਂਦਾ ਹੈ ਤਾਂ ਉਸ ਨੂੰ ਧਾਰਮਿਕ ਸੰਕਟ ਕਰਾਰ ਦਿੱਤਾ ਜਾਂਦਾ ਹੈ। ਕਿਰਲੀ ਦੀ ਮਿਸਾਲ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਾਰੇ ਕੀੜੇ-ਮਕੌੜੇ ਖਾ ਕੇ ਉਹ ਕੰਧ 'ਤੇ ਲੱਗੀ ਧਾਰਮਿਕ ਫੋਟੋ ਪਿੱਛੇ ਲੁਕ ਜਾਂਦੀ ਹੈ। ਅਜਿਹੀ ਹੀ ਹਾਲਤ ਬਾਦਲ ਪਰਿਵਾਰ ਦੀ ਹੈ। 15 ਸਾਲਾਂ ਤੋਂ ਐੱਸ.ਜੀ.ਪੀ.ਸੀ. (SGPC) ਦੀਆਂ ਚੋਣਾਂ ਨਹੀਂ ਕਰਵਾਈਆਂ ਗਈਆਂ, ਕਿਉਂਕਿ ਬਾਦਲ ਪਰਿਵਾਰ ਜਾਣਦਾ ਹੈ ਕਿ ਗੁਰੂਧਾਮਾਂ ਦੀ ਗੋਲਕ ਤੋਂ ਉਨ੍ਹਾਂ ਦਾ ਹੱਥ ਦੂਰ ਹੋ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰ ਜ਼ੀਰੋ ਸੀਟ ਆਵੇਗੀ ਅਤੇ ਪੰਜਾਬ ਵਿੱਚ 'ਆਪ' ਦੀ ਧਾਕੜ ਸਰਕਾਰ ਬਣੇਗੀ। ਨੀਲੀ ਛੱਤਰੀ ਵਾਲੇ ਦੀ ਚੱਕੀ ਦੀ ਰਫ਼ਤਾਰ ਭਾਵੇਂ ਹੌਲੀ ਹੁੰਦੀ ਹੈ ਪਰ ਉਹ ਪੀਸਦੀ ਬਹੁਤ ਬਰੀਕ ਹੈ। 'ਨੰਨ੍ਹੀ ਛਾਂ' ਕਹਿੰਦਿਆਂ ਹਰਸਿਮਰਤ ਕੌਰ ਬਾਦਲ 'ਤੇ ਤਨਜ਼ ਕੱਸਦਿਆਂ ਮਾਨ ਨੇ ਕਿਹਾ ਕਿ ਲੋਕ ਸਭਾ ਵਿੱਚ ਸਿਰਫ਼ ਆਪਣੇ ਪਤੀ ਦੀ ਪ੍ਰਸ਼ੰਸਾ ਤੋਂ ਸਿਵਾਏ ਕੁਝ ਨਹੀਂ ਬੋਲ ਪਾਉਂਦੇ।
ਸ੍ਰੀ ਹਜ਼ੂਰ ਸਾਹਿਬ ਵਿਖੇ ਜਦੋਂ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਹੋਇਆ ਸੀ ਤਾਂ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਗੁਰੂ ਸਾਹਿਬ ਦੇ ਬਾਜ਼ ਨੇ ਉਨ੍ਹਾਂ ਦੀ ਰੱਖਿਆ ਕੀਤੀ। ਜਦੋਂ ਕਿ ਸੱਚਾਈ ਇਹ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਜੋ ਬੀਜਿਆ, ਉਸ ਨੂੰ ਵੱਢਣਾ ਹੀ ਪੈਂਦਾ ਹੈ। ਮਾਨ ਨੇ ਕਿਹਾ ਕਿ ਅਜਿਹਾ ਹੋ ਸਕਦਾ ਹੈ ਕਿ ਹਸਪਤਾਲ ਦੇ ਕੋਲ ਬਾਜ਼ ਨੂੰ ਉਸ ਦੀ ਪਤਨੀ ਨੇ ਸੁਖਬੀਰ 'ਤੇ ਹਮਲਾ ਕਰਨ ਲਈ ਇਸ ਲਈ ਭੇਜਿਆ ਹੋਵੇ ਕਿ ਉਸ ਦੇ ਚਾਰ ਆਂਡੇ ਸਨ ਅਤੇ ਡਰ ਸੀ ਕਿ ਇਨ੍ਹਾਂ ਆਂਡਿਆਂ 'ਤੇ ਕਿਤੇ ਬਾਦਲ ਆਪਣਾ ਹਿੱਸਾ ਨਾ ਪਾ ਲੈਣ। ਇਨ੍ਹਾਂ ਚੋਣਾਂ ਵਿੱਚ ਜੋ ਲੋਕ ਤੱਕੜੀ ਨੂੰ ਵੋਟ ਪਾਉਣਗੇ, ਉਹ ਸਮਝਣ ਕਿ ਆਪਣੇ ਬੱਚਿਆਂ ਲਈ ਜ਼ਹਿਰ ਬੀਜ ਰਹੇ ਹਨ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੇ ਬੱਚਿਆਂ ਨੂੰ ਅਫ਼ਸਰ ਬਣਾਵਾਂਗਾ। ਹੁਣ ਤੋਂ ਪਟਵਾਰੀਆਂ ਅਤੇ ਤਹਿਸੀਲਦਾਰਾਂ ਦੀ ਭਰਤੀ ਵਿੱਚ ਜੁਟ ਜਾਓ।
ਉਨ੍ਹਾਂ ਕਿਹਾ ਕਿ ਮੱਝਾਂ ਪਾਲਣ ਲਈ ਸੁਖਬੀਰ ਬਾਦਲ ਸਬਸਿਡੀ ਦੇਣ ਦਾ ਦਾਅਵਾ ਕਰਦੇ ਹਨ, ਜੋ ਕਿ ਡਰਾਮਾ ਹੈ। ਉਹ ਚਾਹੁੰਦੇ ਹਨ ਕਿ ਪੰਜਾਬ ਦੇ ਨੌਜਵਾਨ ਗੋਹਾ ਹੀ ਚੁੱਕਦੇ ਰਹਿਣ। ਪਰਗਟ ਸਿੰਘ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਹੋਵੇ ਜਾਂ ਕੋਈ ਹੋਰ ਆਗੂ, ਇਨ੍ਹਾਂ ਸਾਰਿਆਂ ਦੀ ਮੇਰਾ ਨਾਮ ਸੁਣਦਿਆਂ ਜਾਂ ਫੋਟੋ ਦੇਖਦਿਆਂ ਹੀ ਚੀਕ ਨਿਕਲ ਜਾਂਦੀ ਹੈ। ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਆਪਣੇ ਮਹਿਲ ਦੇ ਅੰਦਰੋਂ ਤਾਲੇ ਜੜ ਲਏ, ਤਾਂ ਜੋ ਲੋਕ ਮਿਲਣ ਨਾ ਆਉਣ। ਹੁਣ ਲੋਕਾਂ ਨੇ 'ਆਪ' ਦੀ ਸਰਕਾਰ ਬਣਾ ਕੇ ਮੈਨੂੰ ਬਤੌਰ ਸੇਵਾਦਾਰ ਜਨਤਾ ਵਿੱਚ ਲਿਆ ਕੇ ਖੜ੍ਹਾ ਕੀਤਾ ਹੈ। ਮੈਂ ਵਾਅਦਾ ਕਰਦਾ ਹਾਂ ਕਿ ਜਨਤਾ ਦੇ ਵਿਚਕਾਰ ਹੀ ਰਹਾਂਗਾ।
ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਿੱਚ ਟਿਕਟਾਂ ਲਈ ਕੋਟਾ ਤੈਅ ਹੈ। ਜਦੋਂ ਕਿ ਮੇਰੇ ਲਈ ਸਭ ਤੋਂ ਵੱਡਾ ਕੋਟਾ ਜਨਤਾ ਹੈ। ਅਖੀਰ ਵਿੱਚ ਮੁਸਕਰਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਖੂਬ ਪੜ੍ਹੋ ਅਤੇ ਤਰੱਕੀ ਕਰੋ। ਸਰਕਾਰ ਤੋਂ ਨੌਕਰੀ ਪ੍ਰਾਪਤ ਨੌਜਵਾਨ ਨੇ ਮੰਚ 'ਤੇ ਆ ਕੇ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ 10-10 ਲੱਖ ਰੁਪਏ ਵਿੱਚ ਨੌਕਰੀ ਮਿਲਦੀ ਸੀ। ਹੁਣ ਭ੍ਰਿਸ਼ਟਾਚਾਰ ਤੋਂ ਖਹਿੜਾ ਛੁੱਟ ਗਿਆ ਹੈ।
ਕਾਂਗਰਸ 'ਤੇ ਤਨਜ਼ ਕੱਸਦਿਆਂ ਮਾਨ ਨੇ ਕਿਹਾ ਕਿ ਕੋਈ ਸਾਈਕਲ 'ਤੇ ਚੜ੍ਹਿਆ ਹੈ ਤਾਂ ਕੋਈ ਬੱਸ 'ਤੇ ਸਵਾਰ ਹੈ। ਚੰਨੀ ਦੀ ਰਾਜਾ ਵੜਿੰਗ ਨਾਲ ਨਹੀਂ ਬਣਦੀ। ਬਾਜਵਾ ਦੀ ਸੁਖਜਿੰਦਰ ਰੰਧਾਵਾ ਨਾਲ ਨਹੀਂ ਬਣਦੀ। ਨਵਜੋਤ ਸਿੰਘ ਸਿੱਧੂ ਦੀ ਤਾਂ ਕਿਸੇ ਨਾਲ ਨਹੀਂ ਬਣਦੀ। ਕੁੱਲ ਮਿਲਾ ਕੇ ਕਾਂਗਰਸ ਪਾਰਟੀ ਡੁੱਬਦਾ ਹੋਇਆ ਜਹਾਜ਼ ਹੈ। ਇਸੇ ਲਈ ਪੰਜਾਬ ਦੇ ਲੋਕਾਂ ਨੇ 'ਆਪ' ਦੀ ਦੁਬਾਰਾ ਸਰਕਾਰ ਬਣਾਉਣ ਦਾ ਫੈਸਲਾ ਲਿਆ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਧਾਰਮਿਕ ਸ਼ਹਿਰਾਂ ਨੂੰ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਗਿਆ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਉਂਦਿਆਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਸੈਸ਼ਨ ਬੁਲਾਇਆ। ਧਾਰਮਿਕ ਬੇਅਦਬੀ ਖ਼ਿਲਾਫ਼ ਕਾਨੂੰਨ ’ਚ ਸੋਧ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਇਤਰਾਜ਼ ਉਠਾਏ ਜਾ ਰਹੇ ਹਨ, ਉਨ੍ਹਾਂ ਦਾ ਵੀ ਹੱਲ ਕੱਢਿਆ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਰੇਤ ਅਤੇ ਟ੍ਰਾਂਸਪੋਰਟ ਮਾਫੀਆ ਤੋਂ ਲੈ ਕੇ ਅਕਾਲੀਆਂ ਨੇ ਸਮੋਸਿਆਂ ਦੀਆਂ ਰੇਹੜੀਆਂ 'ਤੇ ਵੀ ਆਪਣੇ ਹਿੱਸੇ ਪਾ ਰੱਖੇ ਸਨ। ਕਾਂਗਰਸੀ ਆਉਣ ਵਾਲੀਆਂ ਚੋਣਾਂ ਵਿੱਚ ਪੈਸਾ ਵੰਡਣ ਦੀ ਯੋਜਨਾ ਬਣਾ ਰਹੇ ਹਨ। ਮਾਝੇ ਵਾਲਿਓ, ਜੇਕਰ ਕਾਂਗਰਸੀਆਂ ਨੇ ਪੈਸੇ ਦਿੱਤੇ ਤਾਂ ਲੈ ਲੈਣਾ। ਇਨ੍ਹਾਂ ਨੇ ਕਿਹੜਾ ਨਰਮਾ ਵੇਚਿਆ ਹੈ। ਇਹ ਸਾਰਾ ਪੈਸਾ ਤੁਹਾਡਾ ਹੀ ਹੈ। ਵੋਟ ਪਾਉਣ ਸਮੇਂ ਯਾਦ ਰੱਖਣਾ ਕਿ ਪੰਜਾਬ ਦੇ ਹਿੱਤ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹਨ।