ਸ੍ਰੀ ਚਿੰਤਪੁਰਨੀ ਸਵਰਨ ਮੰਦਰ ’ਚ ਕਰਵਾਈ ਮਾਤਾ ਦੀ ਚੌਕੀ, ਸੰਗਤ ਨੇ ਭਰੀ ਹਾਜ਼ਰੀ
ਸ੍ਰੀ ਚਿੰਤਪੁਰਨੀ ਸਵਰਨ ਮੰਦਰ ’ਚ ਕਰਵਾਈ ਮਾਤਾ ਦੀ ਚੌਕੀ, ਸੰਗਤ ਨੇ ਭਰੀ ਹਾਜ਼ਰੀ
Publish Date: Sat, 28 Mar 2026 08:40 PM (IST)
Updated Date: Sun, 29 Mar 2026 04:15 AM (IST)
ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਪ੍ਰਾਚੀਨ ਸ੍ਰੀ ਚਿੰਤਪੁਰਨੀ ਸਵਰਨ ਮੰਦਰ ਵਿਖੇ ਚੱਲ ਰਹੇ 55ਵੇਂ ਨਰਾਤੇ ਸਮਾਗਮ ਦੀ ਸਮਾਪਤੀ ਉਪਰੰਤ ਸ੍ਰੀ ਰਾਮਨੌਮੀ ਦਾ ਤਿਉਹਾਰ ਮਨਾਉਂਦਿਆਂ ਸ਼ੁੱਕਰਵਾਰ ਰਾਤ ਨੂੰ ਮਾਤਾ ਰਾਣੀ ਜੀ ਦੀ ਚੌਂਕੀ ਕਰਵਾਈ ਗਈ। ਜਿਸ ’ਚ ਰਾਤ ਕਰੀਬ ਸਾਢੇ 12 ਵਜੇ ਤਕ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ ਤੇ ਮਾਤਾ ਜੀ ਦੀ ਮਹਿਮਾ ਦਾ ਗੁਣਗਾਨ ਸਰਵਣ ਕੀਤਾ।
ਦੱਸ ਦਈਏ ਕਿ ਸ੍ਰੀ ਚਿੰਤਪੁਰਨੀ ਸਵਰਨ ਮੰਦਰ ’ਚ ਚੱਲ ਰਹੇ 55ਵੇਂ ਨਵਰਾਤਰੇ ਸਮਾਗਮ ਮੌਕੇ ਮਹੰਤ ਵਿਜੇ ਕੁਮਾਰ ਘੁੱਗੀ ਦੀ ਅਗਵਾਈ ਹੇਠ ਪਹਿਲੇ ਦਿਨ ਤੋਂ ਹੀ ਸਮਾਗਮ ਚੱਲ ਰਹੇ ਹਨ। ਇੱਥੇ ਅਖੰਡ ਜੋਤ ਪ੍ਰਜਲਵ ਕਰਨ ਦੇ ਨਾਲ ਨਾਲ ਖੇਤਰੀ ਦੀ ਸਥਾਪਨਾ ਕਰਕੇ ਹਰ ਰੋਜ਼ ਪੂਜਨਾ ਕੀਤਾ ਜਾਂਦਾ ਰਿਹਾ ਹੈ। ਨਵਰਾਤਰਿਆਂ ਦੌਰਾਨ ਮਹਿਲਾ ਸ਼ਰਧਾਲੂਆਂ ਵੱਲੋਂ ਹਰ ਰੋਜ਼ 101 ਸਰੀ ਦੁਰਗਾ ਸਤੂਤੀ ਦੇ ਪਾਠ ਵੀ ਕੀਤੇ ਗਏ। ਇਹ ਪਾਠ ਸਵੇਰੇ ਪੰਜ ਵਜੇ ਹਰ ਰੋਜ਼ ਕੀਤੇ ਜਾਂਦੇ ਸਨ। ਸ੍ਰੀ ਦੁਰਗਾ ਅਸ਼ਟਮੀ ’ਤੇ ਜਿਥੇ ਸ੍ਰੀ ਦੁਰਗਾ ਸਤੁਤੀ ਦੇ ਪਾਠਾਂ ਦੇ ਭੋਗ ਪਏ। ਉੱਥੇ ਹੀ ਨਵਰਾਤਰਿਆਂ ਦੌਰਾਨ ਆਰੰਭ ਕੀਤੇ ਗਏ ਸ਼੍ਰੀ ਰਾਮਾਇਣ ਜੀ ਦੇ ਪਾਠ ਦਾ ਭੋਗ ਵੀ ਪਾਇਆ ਗਿਆ। ਕੰਜਕ ਪੂਜਨ ਉਪਰੰਤ ਸ਼ਾਮ ਨੂੰ ਯੱਗ ਕਰਵਾਇਆ ਗਿਆ, ਜਿਸ ’ਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ।
ਮਹੰਤ ਵਿਜੇ ਕੁਮਾਰ ਘੁੱਗੀ ਅਤੇ ਮਹੰਤ ਸੰਜੀਵ ਕੁਮਾਰ ਡਿੰਪੀ ਨੇ ਦੱਸਿਆ ਕਿ ਪੁਜਾਰੀ ਵਿਸ਼ਵਾਨਾਥ ਗੌਤਮ ਵੱਲੋਂ ਮਹਾਂ ਚੰਡੀ ਯੱਗ ਕਰਵਾਇਆ ਗਿਆ ਸੀ। ਜਦੋਂਕਿ ਹਰ ਰੋਜ਼ ਸ਼ਰਧਾਲੂ ਸੰਜੀਵ ਚੌਹਾਨ ਦੇ ਪਰਿਵਾਰ ਵੱਲੋਂ ਪੂਜਾ ’ਚ ਹਿੱਸਾ ਲਿਆ ਜਾਂਦਾ ਸੀ ਅਤੇ ਪੰਡਿਤ ਮਾਇਆ ਦੇਵ ਤੇ ਚੰਦਨ ਤਿਵਾੜੀ ਵੱਲੋਂ ਪੂਰੇ ਵਿਧੀ ਵਿਧਾਨ ਨਾਲ ਨਵ ਗ੍ਰਿਹ ਦੀ ਪੂਜਾ ਕਰਵਾਈ ਜਾਂਦੀ ਰਹੀ। ਉਨ੍ਹਾਂ ਅੱਗੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਮਾਤਾ ਰਾਣੀ ਦੀ ਚੌਂਕੀ ਕਰਵਾਈ ਗਈ, ਜਿਸ ’ਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰ ਕੇ ਇਸ ਨਰਾਤੇ ਸਮਾਗਮ ਦੀ ਸਮਾਪਤੀ ਤਕ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਚੌਕੀ ਦੀ ਸਮਾਪਤੀ ਸ੍ਰੀ ਹਨੂਮਾਨ ਚਾਲੀਸਾ ਦੇ ਪੰਜ ਪਾਠ ਕਰਨ ਉਪਰੰਤ ਆਰਤੀ ਸਰਕੇ ਕੀਤੀ ਗਈ। ਜਿਸ ਤੋਂ ਬਾਅਦ ਕੰਜਕ ਪੂਜਨ ਕਰਦਿਆਂ ਕੰਜਕਾਂ ਨੂੰ ਪ੍ਰਸ਼ਾਦ ਤੇ ਤੋਹਫੇ ਭੇਟ ਕੀਤੇ ਗਏ।
ਇਸ ਮੌਕੇ ਪੂਜਾ ’ਚ ਹਿੱਸਾ ਲੈਣ ਵਾਲੇ ਪਰਿਵਾਰ ਤੇ ਹੋਰ ਭਗਤਾਂ ਨੂੰ ਮਾਤਾ ਜੀ ਦੀਆਂ ਚੁਨਰੀਆਂ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ। ਜਦੋਂਕਿ ਨੌਜਵਾਨ ਭਜਨ ਮੰਡਲੀ ਨੇ ਮਾਤਾ ਰਾਣੀ ਦੀਆਂ ਭੇਟਾਂ ਦਾ ਗੁਣਗਾਨ ਕਰਕੇ ਸੰਗਤ ਨੂੰ ਝੂਮਣ ਲਾਈ ਰੱਖਿਆ। ਇਸ ਮੌਕੇ ਮਹੰਤ ਵਿਜੇ ਕੁਮਾਰ ਘੁੱਗੀ ਤੇ ਹੋਰ ਪ੍ਰਬੰਧਕਾਂ ਨੇ 55ਵੇਂ ਨਰਾਤੇ ਸਮਾਗਮ ਦੀ ਸਫਲਤਾ ਨਾਲ ਸਮਾਪਤੀ ’ਤੇ ਮਾਤਾ ਰਾਣੀ ਦਾ ਸ਼ੁਕਰਾਨਾ ਵੀ ਅਦਾ ਕੀਤਾ।