- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦਾ ਇਹ ਦਿਹਾੜਾ ਕੇਵਲ ਭਾਰਤ ’ਚ ਹੀ ਨਹੀਂ, ਸਗੋਂ ਪੂਰੀ ਦੁਨੀਆ ਦੇ ਕੋਨੇ-ਕੋਨੇ ’ਚ ਮਨਾਇਆ ਜਾਂਦਾ ਹੈ

ਬੱਲੂ ਮਹਿਤਾ, •ਪੰਜਾਬੀ ਜਾਗਰਣ, ਤਰਨਤਾਰਨ : ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਕਮ ਪ੍ਰਿੰਸੀਪਲ ਡਾਕਟਰ ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਸ਼ੁਭੀ ਭਾਰਦਵਾਜ ਦੀ ਜੋਗ ਅਗਵਾਈ ਹੇਠ ਭਾਰਤ ਦੀ ਅਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮ ਕੇ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਮਹਾਨ ਯੋਧਿਆਂ ਤੇ ਕ੍ਰਾਂਤੀਕਾਰੀ ਸ਼ਹੀਦੇ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸੈਂਟਰਲ ਕਾਨਵੈਂਟ ਗਾਰਮੈਂਟ ਸਕੂਲ ਦੇ ਰਾਮ ਇਕਬਾਲ ਹਾਲ ’ਚ ਵਿਦਿਆਰਥੀਆਂ ਤੇ ਸਟਾਫ਼ ਦੀ ਮੌਜੂਦਗੀ ’ਚ ਬਹੁਤ ਹੀ ਸਨਮਾਨ ਪੂਰਵਕ ਮਨਾਇਆ ਗਿਆ। ਸਭ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਮੂਰਤੀ ’ਤੇ ਫੁੱਲਾਂ ਦੀ ਮਾਲਾਵਾਂ ਅਰਪਣ ਕਰ ਕੇ ਇਨ੍ਹਾਂ ਕ੍ਰਾਂਤੀਕਾਰੀ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਪਰੰਤ ਸਕੂਲ ਵਿਦਿਆਰਥੀਆਂ ਨੇ ਇਨ੍ਹਾਂ ਸੂਰਬੀਰਾਂ ਦੇ ਜੀਵਨ ਨਾਲ ਸਬੰਧਿਤ ਵੱਖ-ਵੱਖ ਲੋਕ ਗੀਤ, ਕਵਿਤਾਵਾਂ, ਨਾਟਕ ਅਤੇ ਕੋਰੀਓਗਰਾਫੀਆਂ ਦੀ ਪੇਸ਼ਕਾਰੀ ਬਹੁਤ ਹੀ ਸੁੰਦਰ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਭੇਟ ਕੀਤੀਆਂ।
ਮੈਨੇਜਿੰਗ ਡਾਇਰੈਕਟਰ ਕਮ ਪ੍ਰਿੰਸੀਪਲ ਡਾਕਟਰ ਮਰਿਦੁਲਾ ਭਾਰਦਵਾਜ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਮਨ ’ਚ ਦੇਸ਼ ਨੂੰ ਆਜ਼ਾਦ ਕਰਾਉਣ ਦੀ ਭਾਵਨਾ ਪੈਦਾ ਹੋ ਗਈ ਤੇ ਉਨ੍ਹਾਂ ਇਸ ਪ੍ਰਤੀ ਨਿਰਣਾ ਕੀਤੀ ਕਿ ਉਹ ਦੇਸ਼ ਨੂੰ ਆਜ਼ਾਦ ਕਰਵਾ ਕੇ ਹੀ ਰਹਿਣਗੇ, ਭਾਵੇਂ ਉਨ੍ਹਾਂ ਨੂੰ ਜੀਵਨ ਬਲੀਦਾਨ ਕਿਉਂ ਨਾ ਦੇਣਾ ਪਵੇ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸ਼ਹੀਦ ਕਦੇ ਨਹੀਂ ਮਰਦੇ, ਸਗੋਂ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦਾ ਇਹ ਦਿਹਾੜਾ ਕੇਵਲ ਭਾਰਤ ’ਚ ਹੀ ਨਹੀਂ, ਸਗੋਂ ਪੂਰੀ ਦੁਨੀਆ ਦੇ ਕੋਨੇ-ਕੋਨੇ ’ਚ ਮਨਾਇਆ ਜਾਂਦਾ ਹੈ। ਇਸ ਲਈ ਸਾਡੀ ਸਭ ਤੋਂ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਅਸੀਂ ਉਨ੍ਹਾਂ ਦੁਆਰਾ ਪਾਏ ਪੂਰਨਿਆਂ ’ਤੇ ਚੱਲ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ। ਅੱਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਗਰੁੱਪ ਵੱਲੋਂ ਗਰੁੱਪ ਦੇ ਸਕੂਲਾਂ, ਕਾਲਜਾਂ ਦੇ ਦਰਜਾ ਚਾਰ ਕਰਮਚਾਰੀਆਂ ਤੇ ਹੋਰ ਸਟਾਫ਼ ਲਈ ਖੂਨ ਜਾਂਚ ਦਾ ਇਕ ਵਿਸ਼ੇਸ਼ ਕੈਂਪ ਲਾਇਆ ਗਿਆ। ਜਿਸ ਲਈ ਹਰਬੰਸ ਕਲੀਨਿਕਲ ਲੈਬੋਰਟਰੀ ਤੋਂ ਹਰਬੰਸ ਸਿੰਘ ਤੇ ਪ੍ਰਤਾਪ ਸਿੰਘ ਹੁਰਾਂ ਦੀ ਟੀਮ ਨੇ ਉਚੇਚੇ ਤੌਰ ’ਤੇ ਪਹੁੰਚ ਕੇ 35 ਤੋਂ ਵੱਧ ਸਟਾਫ਼ ਦੇ ਖੂਨ ਦੇ ਨਮੂਨੇ ਵੱਖ-ਵੱਖ ਟੈਸਟਾਂ ਲਈ ਇਕੱਠੇ ਕੀਤੇ, ਜਿਸ ਦੀ ਰਿਪੋਰਟ ਜਲਦ ਹੀ ਦਿੱਤੀ ਜਾ ਰਹੀ ਹੈ।
ਸਮਾਗਮ ਸਮਾਜ ਭਲਾਈ ਦੇ ਕਾਰਜ ਲਈ ਸ਼ਹੀਦ ਭਗਤ ਸਿੰਘ ਗਰੁੱਪ ਦੀ ਚਾਰੋਂ ਤਰਫ਼ ਸ਼ਲਾਘਾ ਕੀਤੀ ਜਾ ਰਹੀ ਹੈ। ਅੱਜ ਦੇ ਇਸ ਸ਼ਰਧਾਂਜਲੀ ਸਮਾਰੋਹ ’ਚ ਐਡਮਿਨਿਸਟਰੇਟਰ ਨਰਿੰਦਰ ਸਿੰਘ, ਵਾਈਸ ਪ੍ਰਿੰਸੀਪਲ ਸੋਨੀਆ ਸ਼ਰਮਾ, ਸ਼ਹੀਦ ਭਗਤ ਸਿੰਘ ਸਕੂਲ ਦੇ ਪ੍ਰਿੰਸੀਪਲ ਸੋਨੀਆ ਸ਼ਰਮਾ ਤੇ ਪੂਰਾ ਸਟਾਫ਼ ਮੌਜੂਦ ਸੀ। ਸਟੇਜ ਦਾ ਪ੍ਰਬੰਧ ਪਰਮਜੀਤ ਕੌਰ ਨੇ ਬਾਖੂਬੀ ਨਿਭਾਇਆ।