ਦਰਦਨਾਕ ਘਟਨਾ: ਪਤੀ ਦੇ ਤਸੀਹਿਆਂ ਤੋਂ ਅੱਕੀ ਵਿਆਹੁਤਾ ਨੇ ਗਲ ਲਗਾਇਆ ਫਾਹਾ, ਪਤੀ ਫ਼ਰਾਰ
ਕੰਵਲਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਛਾਪਿਆਂ ਵਾਲੀ ਜ਼ਿਲ੍ਹਾ ਗੁਰਦਾਸਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਭੈਣ ਗੁਰਵਿੰਦਰ ਕੌਰ ਦਾ ਵਿਆਹ ਰਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਹਿਕ ਨੌਸ਼ਹਿਰਾ ਪੰਨੂੰਆਂ ਨਾਲ 2019 ’ਚ ਹੋਇਆ ਸੀ। ਰਮਨਦੀਪ ਸਿੰਘ ਪਹਿਲਾਂ ਵਿਆਹੁਤਾ ਸੀ ਅਤੇ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ।
Publish Date: Tue, 11 Aug 2026 11:43 AM (IST)
Updated Date: Tue, 11 Aug 2026 11:47 AM (IST)
ਲਵਦੀਪ ਦੇਵਗਨ, ਪੰਜਾਬੀ ਜਾਗਰਣ, ਸਰਹਾਲੀ ਕਲਾਂ। ਪਿੰਡ ਨੌਸ਼ਹਿਰਾ ਪਨੂੰਆਂ ਵਿਖੇ ਇਕ ਵਿਆਹੁਤਾ ਵਲੋਂ ਆਪਣੇ ਪਤੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਇਸ ਘਟਨਾ ਤੋਂ ਬਾਅਦ ਮ੍ਰਿਤਕਾ ਦਾ ਪਤੀ ਘਰੋਂ ਫਰਾਰ ਹੋ ਗਿਆ। ਮੌਕੇ ’ਤੇ ਪੁੱਜੀ ਚੌਕੀ ਨੌਸ਼ਹਿਰਾ ਪਨੂੰਆਂ ਦੀ ਪੁਲਿਸ ਨੇ ਲਾਸ਼ ਕਬਜੇ ’ਚ ਲੈ ਕੇ ਉਸਦੇ ਪਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਕੰਵਲਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਛਾਪਿਆਂ ਵਾਲੀ ਜ਼ਿਲ੍ਹਾ ਗੁਰਦਾਸਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਭੈਣ ਗੁਰਵਿੰਦਰ ਕੌਰ ਦਾ ਵਿਆਹ ਰਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਹਿਕ ਨੌਸ਼ਹਿਰਾ ਪੰਨੂੰਆਂ ਨਾਲ 2019 ’ਚ ਹੋਇਆ ਸੀ। ਰਮਨਦੀਪ ਸਿੰਘ ਪਹਿਲਾਂ ਵਿਆਹੁਤਾ ਸੀ ਅਤੇ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ।
ਜਦੋਂਕਿ ਉਸਦਾ ਪਹਿਲੇ ਵਿਆਹ ਦਾ 12 ਸਾਲ ਦਾ ਲੜਕਾ ਵੀ ਹੈ। ਹਾਲਾਂਕਿ ਉਸਦੀ ਭੈਣ ਗੁਰਵਿੰਦਰ ਕੌਰ ਦਾ ਕੋਈ ਬੱਚਾ ਨਹੀਂ ਸੀ। ਉਸ ਦੀ ਭੈਣ ਦੀ ਕਰੀਬ ਦੋ ਸਾਲ ਪਹਿਲਾਂ ਪਤੀ ਨਾਲ ਅਣਬਣ ਹੋ ਗਈ ਸੀ ਅਤੇ ਰਮਨਦੀਪ ਸਿੰਘ ਉਸਦੀ ਕੁੱਟਮਾਰ ਕਰਦਿਆਂ ਘਰੋਂ ਜਾਣ ਲਈ ਕਹਿੰਦਾ ਸੀ। ਉਸ ਦੀ ਭੈਣ ਘਰੋਂ ਜਾਣ ਤੋਂ ਮਨ੍ਹਾਂ ਕਰਦੀ ਆ ਰਹੀ ਸੀ।
ਕੰਵਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਗੁਰਵਿੰਦਰ ਕੌਰ ਦੇ ਜੇਠ ਬਿਕਰਮਜੀਤ ਸਿੰਘ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਗੁਰਵਿੰਦਰ ਕੌਰ ਨੇ ਗਾਰਡਰ ਨਾਲ ਚੁੰਨੀ ਪਾ ਕੇ ਫਾਹਾ ਲੈ ਲਿਆ ਹੈ ਅਤੇ ਉਸਦੀ ਮੌਤ ਹੋ ਗਈ ਹੈ। ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਗੁਰਵਿੰਦਰ ਕੌਰ ਦੇ ਘਰ ਪੁੱਜਾ।
ਇਸ ਦੌਰਾਨ ਉਸਦੀ ਭੈਣ ਦਾ ਪਤੀ ਰਮਨਦੀਪ ਸਿੰਘ ਘਰੋਂ ਫਰਾਰ ਹੋ ਚੁੱਕਾ ਸੀ। ਉਸਨੇ ਸ਼ਿਕਾਇਤ ’ਚ ਦੱਸਿਆ ਕਿ ਗੁਰਵਿੰਦਰ ਕੌਰ ਨੇ ਆਪਣੇ ਪਤੀ ਤੋਂ ਦੁਖੀ ਹੋ ਕੇ ਜੀਵਨ ਲੀਲਾ ਖ਼ਤਮ ਕਰ ਲਈ ਹੈ।
ਚੌਕੀ ਨੌਸ਼ਹਿਰਾ ਪਨੂੰਆਂ ਦੇ ਇੰਚਾਰਜ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਰਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਹਿਕ ਨੌਸ਼ਹਿਰਾ ਪੰਨੂੰਆਂ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਉਸਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।