ਸਰਹੱਦੀ ਖੇਤਰ 'ਚ ਪੁਲਿਸ ਦੀ ਵੱਡੀ ਕਾਰਵਾਈ, CIA ਸਟਾਫ਼ ਵੱਲੋਂ ਅਸਲੇ ਅ\ਤੇ ਪਾਕਿਸਤਾਨੀ ਕਰੰਸੀ ਸਮੇਤ 3 ਕਾਬੂ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚੋਂ ਲਗਾਤਾਰ ਅਸਲਾ ਬਰਾਮਦ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜਾ ਮਾਮਲੇ ’ਚ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਪਿੰਡ ਰਾਜੋਕੇ ਦੇ ਇਲਾਕੇ ਵਿੱਚੋਂ ਤਿੰਨ ਜਣਿਆਂ ਨੂੰ ਤਿੰਨ ਗਲੌਕ ਪਿਸਟਲ ਅਤੇ ਵੱਡੀ ਮਾਤਰਾ ਵਿਚ ਕਾਰਤੂਸ ਬਰਾਮਦ ਕਰਕੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਕੋਲੋਂ ਪਾਕਿਸਤਾਨੀ ਕਰੰਸੀ ਵੀ ਮਿਲੀ ਹੈ।
Publish Date: Sun, 19 Jul 2026 12:24 PM (IST)
Updated Date: Sun, 19 Jul 2026 12:25 PM (IST)
ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ - ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚੋਂ ਲਗਾਤਾਰ ਅਸਲਾ ਬਰਾਮਦ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜਾ ਮਾਮਲੇ ’ਚ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਪਿੰਡ ਰਾਜੋਕੇ ਦੇ ਇਲਾਕੇ ਵਿੱਚੋਂ ਤਿੰਨ ਜਣਿਆਂ ਨੂੰ ਤਿੰਨ ਗਲੌਕ ਪਿਸਟਲ ਅਤੇ ਵੱਡੀ ਮਾਤਰਾ ਵਿਚ ਕਾਰਤੂਸ ਬਰਾਮਦ ਕਰਕੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਕੋਲੋਂ ਪਾਕਿਸਤਾਨੀ ਕਰੰਸੀ ਵੀ ਮਿਲੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੀਆਂ ਟੀਮਾਂ ਲਗਾਤਾਰ ਸਰਹੱਦੀ ਇਲਾਕੇ ਵਿਚ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਏਐੱਸਆਈ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਰਾਜੋਕੇ ਦੇ ਪੁਲ ਕੋਲੋਂ ਦੋ ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ। ਜਿਨ੍ਹਾਂ ਦੀ ਤਲਾਸ਼ੀ ਦੌਰਾਨ ਇਕ ਗਲੌਕ ਪਿਸਟਲ, ਦੋ ਕਾਰਤੂਸ, ਦੋ ਮੋਬਾਈਲ ਫੋਨ, 150 ਰੁਪਏ ਦੀ ਭਾਰਤੀ ਅਤੇ 60 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਛਾਣ ਕਰਨਜੋਤ ਸਿੰਘ ਕਰਨ ਪੁੱਤਰ ਲਖਵਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਗੱਟੂ ਪੁੱਤਰ ਦਿਲਬਾਗ ਸਿੰਘ ਵਾਸੀ ਕਲਸੀਆਂ ਖੁਰਦ ਵਜੋਂ ਹੋਈ ਹੈ। ਇਸੇ ਤਰ੍ਹਾਂ ਹੀ ਏਐੱਸਆਈ ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਬੀਐੱਸਐੱਫ ਦੇ ਕੰਪਨੀ ਕਮਾਂਡਰ ਰਾਜੇਸ਼ ਯਾਦਵ ਤੇ ਹੋਰ ਜਵਾਨਾਂ ਸਮੇਤ ਰਾਜੋਕੇ ਦੀ ਡਰੇਨ ਦੇ ਪੁਲ ਕੋਲ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਨੇ ਇਕ ਨੌਜਵਾਨ ਨੂੰ ਕਾਬੂ ਕੀਤਾ। ਜਿਸ ਕੋਲੋਂ ਦੋ ਗਲੌਕ ਪਿਸਟਲ, ਚਾਰ ਮੈਗਜੀਨ ਅਤੇ 50 ਕਾਰਤੂਸਾਂ ਤੋਂ ਇਲਾਵਾ ਇਕ ਮੋਬਾਈਲ ਫੋਨ ਬਰਾਮਦ ਹੋਇਆ।
ਐੱਸਐੱਸਪੀ ਨੇ ਦੱਸਿਆ ਕਿ ਤਿੰਨਾਂ ਵਿਅਕਤੀਆਂ ਦੇ ਖਿਲਾਫ ਥਾਣਾ ਖਾਲੜਾ ਵਿਖੇ ਅਸਲਾ ਐਕਟ ਦੇ ਤਹਿਤ ਦੋ ਮੁਕੱਦਮੇਂ ਦਰਜ ਕੀਤੇ ਗਏ ਹਨ। ਜਦੋਂਕਿ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਉਨ੍ਹਾਂ ਦੇ ਅਗਲੇ ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਫੋਨਾਂ ਦੀ ਵੀ ਬਰੀਕੀ ਨਾਲ ਜਾਂਚ ਕਰਵਾਈ ਜਾ ਰਹੀ ਹੈ।