ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ, ਮੁਕਾਬਲੇ ਤੋਂ ਬਾਅਦ ਹਥਿਆਰਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ; ਭਰਾ ਦੀ ਭਾਲ ਜਾਰੀ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਮੁਰਾਦਪੁਰ ਇਲਾਕੇ ਵਿਚ ਸ਼ਨਿਚਰਵਾਰ ਨੂੰ ਉਸ ਸਮੇਂ ਪੁਲਿਸ ਅਤੇ ਇਕ ਮੁਲਜ਼ਮ ਵਿਚਕਾਰ ਮੁਕਾਬਲਾ ਹੋ ਗਿਆ, ਜਦੋਂ ਪੁਲਿਸ ਇਕ ਕੇਸ ਵਿਚ ਲੋੜੀਂਦੇ ਉਕਤ ਮੁਲਜ਼ਮ ਦੇ ਇਲਾਕੇ ਵਿਚ ਮੌਜੂਦ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਉਸਦਾ ਪਿੱਛਾ ਕਰ ਰਹੀ ਸੀ
Publish Date: Sat, 12 Sep 2026 01:02 PM (IST)
Updated Date: Sat, 12 Sep 2026 01:09 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਮੁਰਾਦਪੁਰ ਇਲਾਕੇ ਵਿਚ ਸ਼ਨਿਚਰਵਾਰ ਨੂੰ ਉਸ ਸਮੇਂ ਪੁਲਿਸ ਅਤੇ ਇਕ ਮੁਲਜ਼ਮ ਵਿਚਕਾਰ ਮੁਕਾਬਲਾ ਹੋ ਗਿਆ, ਜਦੋਂ ਪੁਲਿਸ ਇਕ ਕੇਸ ਵਿਚ ਲੋੜੀਂਦੇ ਉਕਤ ਮੁਲਜ਼ਮ ਦੇ ਇਲਾਕੇ ਵਿਚ ਮੌਜੂਦ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਉਸਦਾ ਪਿੱਛਾ ਕਰ ਰਹੀ ਸੀ। ਪੁਲਿਸ ਮੁਤਾਬਕ ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ’ਤੇ ਦੋ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਰਿਪੂਤਪਨ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 205 ਨੰਬਰ ਕੇਸ ਵਿਚ ਲੁੜੀਂਦਾ ਮੁਲਜ਼ਮ ਮੁਰਾਦਪੁਰ ਇਲਾਕੇ ਵਿਚ ਮੌਜੂਦ ਹੈ। ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਵੱਲੋਂ ਪੁਲਿਸ ਟੀਮ ਦਾ ਗਠਨ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ ਗਈ।
ਪੁਲਿਸ ਅਨੁਸਾਰ, ਜਦੋਂ ਟੀਮ ਨੇ ਮੁਲਜ਼ਮ ਦਾ ਪਿੱਛਾ ਕੀਤਾ ਤਾਂ ਉਹ ਮੁਰਾਦਪੁਰ ਇਲਾਕੇ ਵਿਚ ਸਥਿਤ ਇਕ ਬੰਦ ਪਏ ਪੈਟਰੋਲ ਪੰਪ ’ਤੇ ਜਾ ਕੇ ਲੁਕ ਗਿਆ। ਪੁਲਿਸ ਪਾਰਟੀ ਵੱਲੋਂ ਜਦੋਂ ਉਸ ਨੂੰ ਕਾਬੂ ਕਰਨ ਲਈ ਘੇਰਾ ਪਾਇਆ ਗਿਆ ਅਤੇ ਉਸ ਦੇ ਨੇੜੇ ਪਹੁੰਚੀ ਤਾਂ ਮੁਲਜ਼ਮ ਨੇ ਕਥਿਤ ਤੌਰ ’ਤੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਐੱਸਪੀ ਰਿਪੂਤਪਨ ਸਿੰਘ ਮੁਤਾਬਕ ਪੁਲਿਸ ਨੇ ਆਪਣੀ ਸੁਰੱਖਿਆ ਲਈ ਜਵਾਬੀ ਗੋਲੀਬਾਰੀ ਕੀਤੀ। ਇਸ ਦੌਰਾਨ ਮੁਲਜ਼ਮ ਦੀ ਲੱਤ ’ਤੇ ਦੋ ਗੋਲੀਆਂ ਲੱਗੀਆਂ। ਪੁਲਿਸ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਹੋਇਆ ਮੁਲਜ਼ਮ ਪਹਿਲਾਂ ਵੀ ਆਪਣੇ ਭਰਾ ਸਮੇਤ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਚੁੱਕਾ ਹੈ ਤੇ ਉਦੋਂ ਦਰਜ ਹੋਏ ਮਾਮਲੇ ਵਿਚ ਉਹ ਆਪਣੇ ਭਰਾ ਸਮੇਤ ਪੁਲਿਸ ਨੂੰ ਲੁੜੀਂਦਾ ਸੀ।
ਅੱਜ ਹੋਏ ਮੁਕਾਬਲੇ ਤੋਂ ਬਾਅਦ ਜ਼ਖ਼ਮੀ ਹੋਣ ਉਪਰੰਤ ਉਸ ਨੂੰ ਕਾਬੂ ਕਰ ਲਿਆ ਗਿਆ ਹੈ, ਜਦੋਂਕਿ ਉਸ ਦੇ ਭਰਾ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮੁਕਾਬਲੇ ਵਾਲੀ ਜਗ੍ਹਾ ’ਤੇ ਡੀਐੱਸਪੀ ਸਿਟੀ ਸੁਖਬੀਰ ਸਿੰਘ ਅਤੇ ਡੀਐੱਸਪੀ ਡੀ ਸ਼ਿਵਦਰਸ਼ਨ ਸਿੰਘ ਵੀ ਪਹੁੰਚੇ। ਪੁਲਿਸ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਮੌਕੇ ਤੋਂ ਇਕ ਮੋਟਰਸਾਈਕਲ ਤੇ ਪਿਸਟਲ ਬਰਾਮਦ ਕੀਤਾ ਗਿਆ ਹੈ।