ਠੰਢੇ ਸੁਭਾਅ ਅਤੇ ਆਪਣੇ ਕੰਮ ਨੂੰ ਸਮਰਪਿਤ ਇਨਸਾਨ ਸਨ ਮਾ. ਗੁਰਦਿਆਲ ਸਿੰਘ
ਮਾ. ਗੁਰਦਿਆਲ ਸਿੰਘ ਨੂੰ ਠੰਢੇ ਸੁਭਾਅ ਦੇ ਮਾਲਕ ਤੇ ਆਪਣੇ ਕੰਮ ’ਚ ਮਸਤ ਰਹਿਣ ਵਾਲੇ ਇਨਸਾਨ ਵਜੋਂ ਜਾਣਿਆ ਜਾਂਦਾ ਹੈ।
Publish Date: Sun, 18 Jan 2026 07:13 PM (IST)
Updated Date: Mon, 19 Jan 2026 04:15 AM (IST)

ਭੋਗ ’ਤੇ ਵਿਸ਼ੇਸ਼ ਮਦਨ ਲਾਲ•,ਪੰਜਾਬੀ ਜਾਗਰਣ, ਸ਼ਾਹਬਾਜਪੁਰ : ਮਾਸਟਰ ਗੁਰਦਿਆਲ ਸਿੰਘ ਦਾ ਜਨਮ 15 ਫਰਵਰੀ 1946 ਨੂੰ ਪਿੰਡ ਸ਼ਾਹਬਾਜਪੁਰ ਜ਼ਿਲ੍ਹਾ ਤਰਨਤਾਰਨ ਵਿਖੇ ਪਿਤਾ ਜੀਵਨ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਹੋਇਆ ਸੀ। ਬਚਪਨ ਤੋਂ ਹੀ ਪੜ੍ਹਾਈ ’ਚ ਹੁਸ਼ਿਆਰ ਰਹੇ ਮਾ. ਗੁਰਦਿਆਲ ਸਿੰਘ ਨੇ ਜੇਬੀਟੀ ਦਾ ਕੋਰਸ 1968 ਤੋਂ 1970 ਦੇ ਅਰਸੇ ਦੌਰਾਨ ਸਰਹਾਲੀ ਤੋਂ ਕੀਤਾ ਅਤੇ ਜੇਬੀਟੀ ਕਰਨ ਦੌਰਾਨ ਹੀ 1973 ’ਚ ਉਨ੍ਹਾਂ ਦਾ ਵਿਆਹ ਪਿੰਡ ਰਾਜਾਸਾਂਸੀ ਦੇ ਰਹਿਣ ਵਾਲੇ ਹਰਭਜਨ ਕੌਰ ਨਾਲ ਹੋ ਗਿਆ। ਮਾ. ਗੁਰਦਿਆਲ ਸਿੰਘ ਨੇ ਗ੍ਰਹਿਸਥੀ ਜੀਵਨ ਸ਼ੁਰੂ ਕੀਤਾ ਤੇ ਉਹ ਤਿੰਨ ਬੱਚਿਆਂ ਬੇਟੀ ਦਲਜੀਤ ਕੌਰ, ਬੇਟਾ ਗੁਰਜੀਤ ਸਿੰਘ ਹੈਲਥ ਇੰਸਪੈਕਟਰ ਤੇ ਬੇਟੇ ਸਵ. ਸੁਖਜੀਤ ਸਿੰਘ ਦੇ ਪਿਤਾ ਬਣੇ। ਉਨ੍ਹਾਂ ਨੇ ਬਤੌਰ ਸਰਕਾਰੀ ਅਧਿਆਪਕ ਆਪਣੀ ਡਿਊਟੀ 1973 ’ਚ ਪਹਿਲੇ ਸਕੂਲ ਪਿੰਡ ਲੋਹੁਕਾ ਤੋਂ ਸ਼ੁਰੂ ਕੀਤੀ। ਫਿਰ ਉਹ ਪਿੰਡ ਜਮਾਲਪੁਰ ਤੇ ਪਿੰਡ ਮੰਮਣਕੇ ’ਚ ਵੀ ਤਾਇਨਾਤ ਰਹੇ। ਪਿੰਡ ਵਾਂ ਸਕੂਲ ’ਚ ਪੜ੍ਹਾਉਂਦਿਆਂ ਸਾਲ 2004 ’ਚ ਉਹ ਸੇਵਾਮੁਕਤ ਹੋ ਗਏ। ਮਾ. ਗੁਰਦਿਆਲ ਸਿੰਘ ਨੂੰ ਠੰਢੇ ਸੁਭਾਅ ਦੇ ਮਾਲਕ ਤੇ ਆਪਣੇ ਕੰਮ ’ਚ ਮਸਤ ਰਹਿਣ ਵਾਲੇ ਇਨਸਾਨ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਡਿਊਟੀ ਕਾਰਜਾਲ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਉਣ ’ਚ ਮਦਦ ਵੀ ਕੀਤੀ। ਲੰਮੇ ਸਮੇਂ ਦੀ ਬਿਮਾਰੀ ਤੋਂ ਬਾਅਦ ਮਾ. ਗੁਰਦਿਆਲ ਸਿੰਘ 12 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ। ਜਿਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਸੋਮਵਾਰ 19 ਜਨਵਰੀ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਜਾਣ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਸੁਰਜਨ ਸਾਹਿਬ ਜੀ ਅੱਡਾ ਸ਼ਾਹਾਬਾਜ਼ਪੁਰ ਵਿਖੇ ਹੋਵੇਗੀ। ਜਿੱਥੇ ਵੱਖ-ਵੱਖ ਸ਼ਖ਼ਸੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।