ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਬਰਾਮਦ ਹੋਏ ਵੱਡੀ ਮਾਤਰਾ ’ਚ ਤੰਬਾਕੂ ਪਦਾਰਥ
ਉਕਤ ਸਾਮਾਨ ਨੂੰ ਜੇਲ੍ਹ ਅਧਿਕਾਰੀਆਂ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ।
Publish Date: Wed, 01 Apr 2026 07:05 PM (IST)
Updated Date: Thu, 02 Apr 2026 04:10 AM (IST)

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ’ਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੇ ਵੱਡੀ ਮਾਤਰਾ ’ਚ ਤੰਬਾਕੂ ਪਦਾਰਥ, ਮੋਬਾਈਲ ਫੋਨ ਤੇ ਹੋਰ ਸਾਮਾਨ ਲਾਵਾਰਿਸ ਹਾਲਤ ’ਚ ਬਰਾਮਦ ਕੀਤਾ ਹੈ। ਉਕਤ ਸਾਮਾਨ ਨੂੰ ਜੇਲ੍ਹ ਅਧਿਕਾਰੀਆਂ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ। ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਜਦੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ 92 ਤੰਬਾਕੂ ਦੀਆਂ ਪੁੜੀਆਂ, 198 ਬੀੜੀਆਂ ਦੇ ਬੰਡਲ, 23 ਪੁੜੀਆਂ ਕੂਲ ਲਿਪ, 22 ਸਿਗਰਟ ਦੀਆਂ ਡੱਬੀਆਂ, 103 ਪੈਕੇਟ ਤੰਬਾਕੂ, 7 ਹੀਟਰ ਸਪਰਿੰਗ, 6 ਲਾਈਟਰ, 3 ਕੀਪੈਡ ਵਾਲੇ ਫੋਨ ਤੇ ਦੋ ਸਮਾਰਟ ਫੋਨ ਲਾਵਾਰਿਸ ਹਾਲਤ ’ਚ ਮਿਲੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸਾਰਾ ਸਾਮਾਨ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ======= ਦੋ ਹਵਾਲਾਤੀਆਂ ਕੋਲੋਂ ਬਰਾਮਦ ਹੋਏ ਮੋਬਾਈਲ ਜੇਲ੍ਹ ਦੇ ਸਹਾਇਕ ਸੁਪਰਡੈਂਟ ਹੰਸ ਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਾਲੀ ਟੀਮ ਨੇ ਜਦੋਂ ਜੇਲ੍ਹ ਅੰਦਰ ਚੈਕਿੰਗ ਕੀਤੀ ਤਾਂ ਇੱਥੇ ਹਵਾਲਾਤੀ ਕਰਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬੱਲ ਕਲਾਂ ਅੰਮ੍ਰਿਤਸਰ ਤੇ ਧਰਮਬੀਰ ਸਿੰਘ ਉਰਫ ਗਗਨਦੀਪ ਸਿੰਘ ਹੱਡੀ ਪੁੱਤਰ ਪਰਵਿੰਦਰ ਸਿੰਘ ਵਾਸੀ ਜਵਾਹਰ ਨਗਰ ਮਹਿਤਾ ਕੋਲੋਂ ਦੋ ਕੀਪੈਡ ਵਾਲੇ ਤੇ ਇਕ ਸਮਾਰਟ ਫੋਨ ਸਣੇ ਸਿਮ ਬਰਾਮਦ ਹੋਇਆ। ===== ਹਵਾਲਾਤੀ ਕੋਲੋਂ ਤੰਬਾਕੂ ਪਦਾਰਥ ਹੋਏ ਬਰਾਮਦ ਸਹਾਇਕ ਸੁਪਰਡੈਂਟ ਕੇਵਲ ਸਿੰਘ ਨੇ ਦੱਸਿਆ ਕਿ ਜੇਲ੍ਹ ’ਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਰਾਜਨ ਸ਼ਰਮਾ ਬੌਬੀ ਪੁੱਤਰ ਅਰੁਣ ਕੁਮਾਰ ਵਾਸੀ ਵੇਰਕਾ ਕੋਲੋਂ 64 ਬੀੜੀਆਂ ਦੇ ਬੰਡਲ, 26 ਕੂਲ ਲਿਪ ਦੀਆਂ ਪੁੜੀਆਂ, 4 ਤੰਬਾਕੂ ਦੀਆਂ ਪੁੜੀਆਂ ਅਤੇ 3 ਸਿਗਰਟ ਦੀਆਂ ਡੱਬੀਆਂ ਬਰਾਮਦ ਹੋਈਆਂ। ਉਕਤ ਸਾਮਾਨ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ===== ਬਰਾਮਦਗੀ ਸਬੰਧੀ ਦਰਜ ਕੀਤੇ ਤਿੰਨ ਕੇਸ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ’ਚ ਹੋਈ ਬਰਾਮਦਗੀ ਸਬੰਧੀ ਜੇਲ੍ਹ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਸ਼ਿਕਾਇਤ ਪੱਤਰਾਂ ਦੇ ਆਧਾਰ ’ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਤਿੰਨ ਮੁਕੱਦਮੇ ਦਰਜ ਕੀਤੇ ਗਏ ਹਨ। ਜਿਨ੍ਹਾਂ ਦੀ ਜਾਂਚ ਲਈ ਸਬ-ਇੰਸਪੈਕਟਰ ਕਮਲਜੀਤ ਸਿੰਘ, ਸਬ ਇੰਸਪੈਕਟਰ ਅਮਰਜੀਤ ਕੌਰ ਤੇ ਸਬ-ਇੰਸਪੈਕਟਰ ਵਿਕਰਮ ਸਿੰਘ ਦੀ ਡਿਊਟੀ ਲਾਈ ਗਈ ਹੈ।