- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੇਰੋਂ ਖੰਡ ਮਿੱਲ ਮੋਰਚੇ ਦੇ 127ਵੇਂ ਦਿਨ ਪੰਜਾਬ ਸਰਕਾਰ ਦੇ ਝੂਠੇ ਸਬਜ਼ਬਾਗਾਂ ਦੀ ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਨਿੰਦਾ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ: ਆਮ ਆਦਮੀ ਪਾਰਟੀ ਵਲੋਂ ਸਤਾ ਵਿਚ ਆਉਣ ਤੋਂ ਪਹਿਲਾਂ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਵਿਚ ਇਲਾਕੇ ਦੇ ਲੋਕਾਂ ਦੇ ਹੋਏ ਵੱਡੇ ਇਕੱਠ ’ਚ ਖੰਡ ਮਿੱਲ ਨੂੰ ਮੁੜ ਚਾਲੂ ਕਰਨ ਦੇ ਵਿਖਾਏ ਝੂਠੇ ਸਬਜ਼ਬਾਗਾਂ ਦੇ ਉਲਟ ਜਾ ਕੇ ਮਾਨ ਸਰਕਾਰ ਵਲੋਂ ਕਿਸਾਨਾਂ ਦੇ 60 ਫੀਸਦੀ ਸ਼ੇਅਰਾਂ ਵਾਲੀ ਖੰਡ ਮਿੱਲ ਦੀ 98 ਏਕੜ ਜ਼ਮੀਨ ਦੀ ਮਾਲਕੀ ਬਦਲਣ ਦੀ ਲੋਕ ਵਿਰੋਧੀ ਨੀਤੀ ਦੀ ਪੋਲ ਖੋਲਣ ਲਈ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ 21 ਮਈ ਤੋਂ ਖੰਡ ਮਿੱਲ ਦੀ ਹੋਂਦ ਬਚਾਉਣ ਲਈ ਲਗਾਏ ਪੱਕੇ ਮੋਰਚੇ ਦੇ 127ਵੇਂ ਦਿਨ ਵੀਰਵਾਰ ਨੂੰ ਮੋਰਚੇ ਵਿਚ ਹਾਜ਼ਰ ਕਿਸਾਨ ਆਗੂਆਂ ਨੇ ਮਾਨ ਸਰਕਾਰ ਵਲੋਂ ਲੋਕਾਂ ਦੇ ਟੈਕਸਾਂ ਦਾ ਅਰਬਾਂ ਰੁਪਇਆ ਖਰਚ ਕੇ ਲਗਾਤਾਰ ਕੀਤੀ ਜਾ ਰਹੀ ਸਿਰੇ ਦੀ ਝੂਠੀ ਇਸ਼ਤਿਹਾਰਬਾਜ਼ੀ ਦੀ ਜ਼ੋਰਦਾਰ ਨਿੰਦਾ ਕੀਤੀ। ਇਸ ਮੌਕੇ ਹਾਜ਼ਰੀਨ ਨੇ ਸੰਪਾਦਕ ਚੰਦ ਫਤਿਹਪੁਰੀ ਦੇ ਅਚਾਨਕ ਹੋਏ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਲੋਕਾਂ ਦੇ ਮਸਲਿਆਂ ਨੂੰ ਕਲਮ ਰਾਹੀਂ ਉਭਾਰਨ ਵਾਲੇ ਉਘੇ ਪੱਤਰਕਾਰ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।
ਕਿਸਾਨ ਆਗੂਆਂ ਨਛੱਤਰ ਸਿੰਘ ਪੰਨੂ, ਇੰਦਰਜੀਤ ਸਿੰਘ ਮਰਹਾਣਾ, ਰਤਨ ਸਿੰਘ ਢੰਡ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਜੱਸਾ ਸਿੰਘ ਕੱਦਗਿੱਲ ਆਦਿ ਨੇ ਮਾਨ ਸਰਕਰ ਦੀ ਕਾਰਗੁਜ਼ਾਰੀ ’ਤੇ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਬਦਲਾਅ ਦੇ ਦਮਗਜਿਆਂ ਨਾਲ ਸੱਤਾ ਦੀਆਂ ਪੌੜੀਆਂ ਚੜਨ ਵਾਲੇ ਮੁੱਖ ਮੰਤਰੀ ਦੀ ਕਹਿਣੀ ਅਤੇ ਕਥਨੀ ਵਿਚ ਅੰਤਾਂ ਦਾ ਫਰਕ ਸਾਫ਼ ਤੌਰ ’ਤੇ ਸੂਬੇ ਦੇ ਲੋਕਾਂ ਨੂੰ ਰੋਜ਼ਾਨਾ ਵੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਜਿਵੇਂ ਝੋਨੇ ਦੀ ਸਰਕਾਰੀ ਖਰੀਦ ਚਾਲੂ ਨਾ ਹੋਣ ਕਰਕੇ ਅਨਾਜ਼ ਮੰਡੀਆਂ ਵਿਚ ਮੁਨਾਫ਼ਾਖੋਰ ਕਿਸਾਨਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ।
ਪਰ ਮਾਨ ਸਰਕਾਰ ਕੁੰਭਕਰਨ ਨੀਦ ਸੁੱਤੀ ਪਈ ਹੈ, ਇਸੇ ਤਰ੍ਹਾਂ ਸੂਬੇ ਵਿਚ ਕਾਨੂੰਨ ਵਿਵਸਥਾਂ ਡੱਕੋ-ਡੋਲੇ ਖਾ ਰਹੀ ਹੈ, ਨਸ਼ਿਆਂ ਦੀ ਉਵਰਡੋਜ ਨਾਲ ਹਰ ਰੋਜ਼ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ, ਫਿਰੌਤੀਆਂ ਮੰਗਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਕਿਸਾਨਾਂ, ਮਜ਼ਦੂਰਾਂ ਸਮੇਤ ਸੂਬੇ ਦਾ 8 ਲੱਖ ਮੁਲਾਜ਼ਮ ਅਤੇ ਪੈਨਸ਼ਨਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਕੇ ਮਾਨ ਸਰਕਾਰ ਵਲੋਂ ਕੀਤੇ ਵਾਅਦੇ ਯਾਦ ਕਰਵਾਉਣ ਲਈ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰ ਰਿਹਾ ਹੈ, ਰਿਸ਼ਵਤਖੋਰੀ ਹੱਦਾਂ ਬੰਨੇ ਟੱਪ ਗਈ ਹੈ।
ਆਗੂਆਂ ਨੇ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਮਾਨ ਸਰਕਾਰ ਕੀਤੇ ਵਾਅਦੇ ਮੁਤਾਬਿਕ ਖੰਡ ਮਿੱਲ ਚਾਲੂ ਕਰੇ ਨਹੀਂ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹੋਰ ਮੁੱਦਿਆਂ ਦੇ ਨਾਲ ਖੰਡ ਮਿੱਲ ਚਾਲੂ ਕਰਨ ਦੇ ਮੁੱਦੇ ਦੀ ਗੂੰਜ ਵੀ ਪਿੰਡ-ਪਿੰਡ ਸੁਣਾਈ ਦੇਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਗੋਬਿੰਦ ਸਿੰਘ ਜਮਾਲਪੁਰ, ਜਸਬੀਰ ਸਿੰਘ ਨਿੱਜਰਪੁਰਾ, ਚਰਨ ਸਿੰਘ ਤਰਨਤਾਰਨ, ਅਮਰੀਕ ਸਿੰਘ ਸ਼ੇਰੋਂ, ਬਲਦੇਵ ਸਿੰਘ ਸ਼ੇਰੋਂ, ਪਿਆਰਾ ਸਿੰਘ ਸਰਪੰਚ ਦੁੱਗਲ ਵਾਲਾ, ਬਲਦੇਵ ਸਿੰਘ ਪੰਚ ਦੁੱਗਲਵਾਲਾ, ਮਨਜੀਤ ਸਿੰਘ ਮਰਹਾਣਾ, ਕੇਹਰ ਸਿੰਘ ਮੁਗਲਚੱਕ, ਮੇਹਰ ਸਿੰਘ ਸ਼ਖੀਰਾ, ਮੰਗਲ ਸਿੰਘ ਮੁਗਲਚੱਕ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਕਰਨਬੀਰ ਸਿੰਘ ਗੰਡੀਵਿੰਡ, ਛੋਟੇ ਬੱਚੇ ਕਰਮਨ ਫ਼ਤਹਿ ਸਿੰਘ ਤੇ ਬੇਟੀ ਅਗਮਦੀਪ ਕੌਰ ਨੇ ਚਲ ਰਹੇ ਸੰਘਰਸ਼ ਵਿਚ ਸ਼ਮੂਲੀਅਤ ਕੀਤੀ।