- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚਿਆਂ ਨੂੰ ਕੋਲਡ ਡ੍ਰਿਕ, ਠੰਢਾ ਪਾਣੀ ਤੇ ਬਾਜ਼ਾਰੂ ਖਾਣ ਪੀਣ ਤੋਂ ਦੂਰ ਰੱਖੋ।

ਗੁਰਬਰਿੰਦਰ ਸਿੰਘ,•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਉੱਤਰੀ ਭਾਰਤ ’ਚ ਇਸ ਵੇਲੇ ਠੰਢ ਦਾ ਪ੍ਰਕੋਪ ਜਾਰੀ ਹੈ। ਜਿਸ ਕਾਰਨ ਸਿਹਤ ਸਬੰਧੀ ਕਈ ਪਰੇਸ਼ਾਨੀਆਂ ਪੈਦਾ ਹੋ ਰਹੀਆਂ ਹਨ, ਖਾਸ ਕਰਕੇ ਠੰਢ ਕਾਰਨ ਛੋਟੇ ਬੱਚਿਆਂ ਦੀ ਸਿਹਤ ਸਭ ਤੋਂ ਵਧੇਰੇ ਖਰਾਬ ਹੁੰਦੀ ਹੈ। ਬੱਚਿਆਂ ਨੂੰ ਸਰਦੀ ਤੋਂ ਬਚਾਉਣ ਤੇ ਸਿਹਤਮੰਦ ਰੱਖਣ ਦੀ ਵੱਡੀ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਹੈ। ਅਜਿਹੇ ’ਚ ਮਾਪੇ ਕੁਝ ਸਾਵਧਾਨੀਆਂ ਵਰਤ ਕੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਅ ਸਕਦੇ ਹਨ। ਇਹ ਪ੍ਰਗਟਾਵਾ ਚਾਈਲਡ ਕੇਅਰ ਸੈਂਟਰ ਦੇ ਡਾਕਟਰ ਗਵਿਸ਼ ਭਾਰਦਵਾਜ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬੱਚੇ ਦਾ ਸਰੀਰ ਨਾਜ਼ੁਕ ਹੁੰਦਾ ਹੈ, ਉਹ ਅਜੇ ਸਰਦੀ ਬਰਦਾਸ਼ਤ ਕਰਨ ਲਈ ਤਿਆਰ ਹੋ ਰਿਹਾ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਛੋਟੇ ਬੱਚਿਆਂ ਨੂੰ ਮਾਂ ਦਾ ਦੁੱਧ ਵੱਧ ਤੋਂ ਵੱਧ ਪਿਆਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਬੱਚੇ ’ਚ ਵਧੇਰੇ ਊਰਜਾ ਦਾ ਸੰਚਾਰ ਹੁੰਦਾ ਹੈ। ਬੱਚੇ ਨੂੰ ਪਾਣੀ ਖੂਬ ਪਿਲਾਓ ਕਿਉਂਕਿ ਗਲਾ ਸੁੱਕਣ ਨਾਲ ਖਾਂਸੀ ਤੇ ਬੁਖਾਰ ਹੋ ਜਾਂਦਾ ਹੈ। ਬੱਚਿਆਂ ਨੂੰ ਕੋਲਡ ਡ੍ਰਿਕ, ਠੰਢਾ ਪਾਣੀ ਤੇ ਬਾਜ਼ਾਰੂ ਖਾਣ ਪੀਣ ਤੋਂ ਦੂਰ ਰੱਖੋ। ਛੋਟੇ ਬੱਚਿਆਂ ਨੂੰ ਭੀੜ ਵਾਲੀਆਂ ਥਾਵਾਂ, ਵਿਆਹ ਸ਼ਾਦੀ ’ਚ ਘੱਟ ਤੋਂ ਘੱਟ ਲਿਜਾਓ। ਬੱਚਿਆਂ ਨੂੰ ਹਰੀਆਂ ਸਬਜ਼ੀਆਂ ਤੇ ਫਲ ਖੁਆਓ। ਜੇਕਰ ਬੱਚੇ ਦੇ ਸਰੀਰ ਦਾ ਤਾਪਮਾਨ ਵੱਧਦਾ ਮਹਿਸੂਸ ਹੋਵੇ, ਤਾਂ ਤੁਰੰਤ ਇਸ ਦੀ ਜਾਂਚ ਕਰਵਾਓ। ਜੇਕਰ ਇਹ ਵੱਧ ਹੋਵੇ ਤਾਂ ਬਿਨਾਂ ਕਿਸੇ ਦੇਰੀ ਦੇ ਡਾਕਟਰੀ ਸਹਾਇਤਾ ਲਵੋ। ਬੁਖਾਰ ਆਦਿ ਦੀ ਦਵਾ ਸਮੇਂ ਸਿਰ ਬੱਚੇ ਨੂੰ ਦਿਉ ਤੇ ਕੋਈ ਵੀ ਦਵਾਈ ਦਾ ਕੋਰਸ ਵਿਚਾਲੇ ਨਾ ਛੱਡੋ। ਬੱਚਿਆਂ ਨੂੰ ਗਰਮਾ ਗਰਮ ਖਾਣਾ ਖੁਆਓ, ਫਰਿੱਜ ’ਚ ਪਇਆ ਠੰਢਾ ਬੇਹਾ ਖਾਣਾ ਬੱਚਿਆਂ ਨੂੰ ਕਦੇ ਨਾ ਖੁਆਓ। ਸਰਦੀਆਂ ਦੇ ਮੌਸਮ ’ਚ ਬੱਚਿਆਂ ਨੂੰ ਪੰਜੀਰੀ, ਖੋਆ, ਗਜਰੇਲਾ ਜਿਹੀਆਂ ਪ੍ਰ੍ਰੰਪਰਾਗਤ ਤੇ ਸਿਹਤ-ਵਰਧਕ ਚੀਜ਼ਾਂ ਖਾਣ ਲਈ ਦਿਓ। ਛੋਟੇ ਬੱਚਿਆਂ ਦਾ ਨਿਯਮਿਤ ਟੀਕਾਕਰਨ ਬਹੁਤ ਜ਼ਰੂਰੀ ਹੈ। ਸਮੇਂ-ਸਮੇਂ ’ਤੇ ਹਰ ਤਰ੍ਹਾਂ ਦੇ ਟੀਕੇ ਲਗਾਉਣੇ ਚਾਹੀਦੇ ਹਨ।