ਆਲੂ ਦੀ ਫ਼ਸਲ ਨੂੰ ਝੁਲਸ ਰੋਗ ਤੋਂ ਬਚਾਅ ਲਈ ਖੇਤੀ ਮਾਹਿਰਾਂ ਨੇ ਦਿੱਤੀ ਜਾਣਕਾਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 14 Nov 2026 07:23 PM (IST)
Updated Date: Sat, 14 Nov 2026 07:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਇੰਚਾਰਜ ਡਾ. ਪਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿਚ ਆਲੂਆਂ ਦੀ ਫ਼ਸਲ ’ਤੇ ਝੁਲਸ ਰੋਗ ਦੇ ਹਮਲੇ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਲੂਆਂ ਦੀ ਫ਼ਸਲ ਨੂੰ ਕਈ ਬਿਮਾਰੀਆਂ ਲੱਗਦੀਆਂ ਹਨ, ਪਰ ਝੁਲਸਾ ਰੋਗ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਹੈ। ਨਵੰਬਰ ਦੇ ਅੱਧ ਤੋਂ ਬਾਅਦ ਬੱਦਲਵਾਈ, ਧੁੰਦ, ਹਲਕੀ ਬਾਰਿਸ਼ ਅਤੇ ਵਾਤਾਵਰਨ ਵਿਚ ਕਰੀਬ 90 ਫ਼ੀਸਦੀ ਤੱਕ ਨਮੀ ਇਸ ਬਿਮਾਰੀ ਦੇ ਫੈਲਣ ਲਈ ਅਨੁਕੂਲ ਹਾਲਾਤ ਪੈਦਾ ਕਰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਛੋਟੀ ਉਮਰ ਵਾਲੀ ਬੀਜ ਆਲੂਆਂ ਦੀ ਫ਼ਸਲ ਇਸ ਰੋਗ ਦੀ ਲਪੇਟ ਵਿਚ ਵੱਧ ਆਉਂਦੀ ਹੈ, ਜਦਕਿ ਕੱਚੀ ਪੁਟਾਈ ਵਾਲੀ ਫ਼ਸਲ ਇਸ ਦੇ ਹਮਲੇ ਤੋਂ ਬਚ ਜਾਂਦੀ ਹੈ। ਡਾ. ਸਿੰਘ ਨੇ ਦੱਸਿਆ ਕਿ ਇਹ ਉੱਲੀ ਨਾਲ ਹੋਣ ਵਾਲਾ ਰੋਗ ਹੈ ਅਤੇ ਇਸ ਦਾ ਮੁੱਖ ਸਰੋਤ ਗੋਦਾਮਾਂ ਵਿਚ ਰੱਖੇ ਸੰਕਰਮਿਤ ਆਲੂ ਹੁੰਦੇ ਹਨ। ਰੋਗੀ ਬੀਜ ਆਲੂਆਂ ਤੋਂ ਇਹ ਹਵਾ ਰਾਹੀਂ ਖੇਤ ਵਿਚ ਇਕ ਪੌਦੇ ਤੋਂ ਦੂਜੇ ਪੌਦੇ ਤੱਕ ਤੇਜ਼ੀ ਨਾਲ ਫੈਲਦਾ ਹੈ। ਗੋਦਾਮਾਂ ਤੋਂ ਬਾਹਰ ਸੁੱਟੇ ਗਲੇ-ਸੜੇ ਆਲੂਆਂ ਦੇ ਢੇਰ ਵੀ ਇਸ ਲਾਗ ਨੂੰ ਵਧਾਉਂਦੇ ਹਨ। ਬਿਮਾਰੀ ਦੇ ਲੱਛਣਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਹਮਲਾ ਸਭ ਤੋਂ ਪਹਿਲਾਂ ਪੌਦੇ ਦੇ ਹੇਠਲੇ ਪੱਤਿਆਂ ’ਤੇ ਹੁੰਦਾ ਹੈ। ਪੱਤਿਆਂ ਦੇ ਕਿਨਾਰਿਆਂ ’ਤੇ ਪਾਣੀ ਨਾਲ ਭਿੱਜੇ ਹੋਏ ਭੂਰੇ ਧੱਬੇ ਉੱਭਰਦੇ ਹਨ, ਜੋ ਬਾਅਦ ਵਿਚ ਕਾਲੇ ਪੈ ਜਾਂਦੇ ਹਨ। ਨਮੀ ਵਾਲੇ ਮੌਸਮ ਵਿਚ ਇਨ੍ਹਾਂ ਧੱਬਿਆਂ ਦੇ ਹੇਠਲੇ ਪਾਸੇ ਚਿੱਟੀ ਫ਼ਫ਼ੂੰਦ ਦਿਖਾਈ ਦਿੰਦੀ ਹੈ। ਰੋਗ ਵਧਣ ਨਾਲ ਪੱਤੇ ਅਤੇ ਤਣੇ ਸੁੱਕਣ ਲੱਗਦੇ ਹਨ। ਆਲੂਆਂ ’ਤੇ ਵੀ ਭੂਰੇ ਧੱਬੇ ਪੈ ਜਾਂਦੇ ਹਨ ਅਤੇ ਉਹ ਗਲਣ ਲੱਗਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲ ਦਾ ਨਿਯਮਿਤ ਨਿਰੀਖਣ ਕਰਦੇ ਰਹਿਣ ਅਤੇ ਸ਼ੁਰੂਆਤੀ ਲੱਛਣ ਨਜ਼ਰ ਆਉਂਦਿਆਂ ਹੀ ਸਮੇਂ ਸਿਰ ਰੋਕਥਾਮ ਦੇ ਉਪਾਅ ਕਰਨ।