- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਟੀ ’ਚ ਆਮ ਆਦਮੀ ਪਾਰਟੀ ਦਾ ਨਵਾਂ ਪਾਵਰ ਸੈਂਟਰ ਬਣੇ ਜੱਸਾ ਪੱਟੀ

ਪੱਟੀ ’ਚ ਆਮ ਆਦਮੀ ਪਾਰਟੀ ਦਾ ਨਵਾਂ ਪਾਵਰ ਸੈਂਟਰ ਬਣੇ ਜੱਸਾ ਪੱਟੀ
ਹਾਈਕਮਾਂਡ ਦੇ ਸਖ਼ਤ ਸੰਕੇਤਾਂ ਮਗਰੋਂ ਆਗੂਆਂ ਨੇ ਜੱਸਾ ਪੱਟੀ ਵੱਲ ਕੀਤਾ ਰੁਖ
ਕੇਪੀ ਗਿੱਲ•, ਪੰਜਾਬੀ ਜਾਗਰਣ,
ਕੈਰੋਂ : ਵਿਧਾਨ ਸਭਾ ਹਲਕਾ ਪੱਟੀ ’ਚ ਆਮ ਆਦਮੀ ਪਾਰਟੀ ਦੇ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਦੇ ਨਜ਼ਰ ਆ ਰਹੇ ਹਨ। ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਦੇ ਕਾਨੂੰਨੀ ਵਿਵਾਦਾਂ ਵਿਚ ਘਿਰਨ ਤੋਂ ਬਾਅਦ ਪਾਰਟੀ ਹਾਈਕਮਾਂਡ ਵੱਲੋਂ ਪਹਿਲਵਾਨ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਨਿਯੁਕਤੀ ਤੋਂ ਬਾਅਦ ਜੱਸਾ ਪੱਟੀ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਅਤੇ ਸੰਗਠਨ ਨੂੰ ਮੁੜ ਸਰਗਰਮ ਕਰਨ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਸ਼ੁਰੂਆਤੀ ਦੌਰ ਵਿਚ ਪਾਰਟੀ ਦੇ ਕਈ ਸਥਾਨਕ ਆਗੂ, ਅਹੁਦੇਦਾਰ, ਮੋਹਤਬਰ, ਪੰਚ ਅਤੇ ਸਰਪੰਚ ਜੱਸਾ ਪੱਟੀ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਉਂਦੇ ਨਜ਼ਰ ਆਏ। ਇਸ ਕਾਰਨ ਹਲਕੇ ’ਚ ਇਹ ਚਰਚਾ ਵੀ ਛਿੜ ਗਈ ਸੀ ਕਿ ਪਾਰਟੀ ਅੰਦਰ ਪੁਰਾਣੇ ਤੇ ਨਵੇਂ ਧੜਿਆਂ ਵਿਚਕਾਰ ਖਿੱਚੋਤਾਣ ਮੌਜੂਦ ਹੈ। ਹਾਲਾਂਕਿ ਬਾਅਦ ਵਿਚ ਪਾਰਟੀ ਹਾਈਕਮਾਂਡ ਵੱਲੋਂ ਸੰਗਠਨ ਨੂੰ ਇਕਜੁੱਟ ਰੱਖਣ ਦੇ ਸਖ਼ਤ ਆਦੇਸ਼ ਦਿੱਤੇ ਜਾਣ ਦੀ ਜਾਣਕਾਰੀ ਚਰਚਾ ਵਿਚ ਆਈ ਹੈ, ਜਿਸ ਤੋਂ ਬਾਅਦ ਪਾਰਟੀ ਦੇ ਆਗੂਆਂ ਅਤੇ ਅਹੁਦੇਦਾਰਾਂ ਨੇ ਜੱਸਾ ਪੱਟੀ ਨਾਲ ਜਨਤਕ ਤੌਰ ’ਤੇ ਸਰਗਰਮ ਹੋਣਾ ਸ਼ੁਰੂ ਕਰ ਦਿੱਤਾ।
ਸਿਆਸੀ ਗਲਿਆਰਿਆਂ ਵਿਚ ਇਹ ਵੀ ਚਰਚਾ ਹੈ ਕਿ ਚੰਡੀਗੜ੍ਹ ਤੋਂ ਸਪੱਸ਼ਟ ਸੰਕੇਤ ਦਿੱਤੇ ਗਏ ਹਨ ਕਿ ਹਲਕਾ ਪੱਟੀ ਵਿਚ ਹੁਣ ਸੰਗਠਨਾਤਮਕ ਜ਼ਿੰਮੇਵਾਰੀ ਤੇ ਪਾਰਟੀ ਗਤੀਵਿਧੀਆਂ ਦੀ ਅਗਵਾਈ ਜੱਸਾ ਪੱਟੀ ਹੀ ਕਰਨਗੇ। ਇਸ ਤੋਂ ਬਾਅਦ ਪਾਰਟੀ ਦੇ ਜ਼ਿਆਦਾਤਰ ਆਗੂਆਂ ਨੇ ਵੀ ਆਪਣੇ ਪ੍ਰੋਗਰਾਮਾਂ ਅਤੇ ਮੀਟਿੰਗਾਂ ਵਿਚ ਜੱਸਾ ਪੱਟੀ ਦੀ ਹਾਜ਼ਰੀ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਜੱਸਾ ਪੱਟੀ ਨੂੰ ਹਲਕੇ ਵਿਚ ਵਿਕਾਸ ਕਾਰਜਾਂ ਦੀ ਨਿਗਰਾਨੀ ਅਤੇ ਲੋਕਾਂ ਨਾਲ ਸਿੱਧੇ ਤੌਰ ’ਤੇ ਜੁੜਨ ਲਈ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਹਲਕੇ ਦੇ ਕੁਝ ਵਿਕਾਸ ਕਾਰਜਾਂ ਲਈ ਵਿਸ਼ੇਸ਼ ਫੰਡ ਜਾਰੀ ਕਰਨ ਸਬੰਧੀ ਵੀ ਸਰਕਾਰੀ ਪੱਧਰ ’ਤੇ ਵਿਚਾਰ ਕੀਤਾ ਗਿਆ ਹੈ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਜਾਂ ਸਰਕਾਰੀ ਦਸਤਾਵੇਜ਼ ਸਾਹਮਣੇ ਨਹੀਂ ਆਏ ਹਨ।
------
ਬਾਕਸ-
ਲਾਲਜੀਤ ਭੁੱਲਰ ਦੀ ਪਤਨੀ ਵੀ ਜਨਤਕ ਗਤੀਵਿਧੀਆਂ ਤੋਂ ਹੋਏ ਦੂਰ
ਉੱਧਰ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਚੱਲ ਰਹੇ ਕਾਨੂੰਨੀ ਮਾਮਲੇ ਤੋਂ ਬਾਅਦ ਪਾਰਟੀ ਨੇ ਹਲਕੇ ਦੀ ਸਿਆਸਤ ਵਿਚ ਉਨ੍ਹਾਂ ਦੀ ਸਰਗਰਮੀ ਨੂੰ ਲਗਭਗ ਖ਼ਤਮ ਕਰ ਦਿੱਤਾ ਹੈ। ਪਾਰਟੀ ਦੇ ਜ਼ਿਆਦਾਤਰ ਪ੍ਰੋਗਰਾਮਾਂ ਅਤੇ ਮੀਟਿੰਗਾਂ ਵਿਚ ਹੁਣ ਉਨ੍ਹਾਂ ਦੀ ਭੂਮਿਕਾ ਨਜ਼ਰ ਨਹੀਂ ਆ ਰਹੀ। ਇਸੇ ਤਰ੍ਹਾਂ ਭੁੱਲਰ ਦੀ ਪਤਨੀ ਬੀਬਾ ਸੁਰਿੰਦਰਪਾਲ ਕੌਰ, ਜੋ ਕੁਝ ਸਮਾਂ ਪਹਿਲਾਂ ਤਕ ਹਲਕੇ ਵਿਚ ਲਗਾਤਾਰ ਸਰਗਰਮ ਸਨ, ਜੱਸਾ ਪੱਟੀ ਦੀ ਨਿਯੁਕਤੀ ਤੋਂ ਬਾਅਦ ਜਨਤਕ ਸਿਆਸੀ ਗਤੀਵਿਧੀਆਂ ਵਿਚ ਦਿਖਾਈ ਨਹੀਂ ਦੇ ਰਹੇ।
---
ਬਾਕਸ-
25 ਪਿੰਡਾਂ ’ਚ ਜੱਸਾ ਪੱਟੀ ਨੇ ਕੀਤੀਆਂ ਵਰਕਰ ਮੀਟਿੰਗਾਂ
ਦੂਜੇ ਪਾਸੇ ਜੱਸਾ ਪੱਟੀ ਨੇ ਹਲਕੇ ਦੇ ਲਗਭਗ 25 ਪਿੰਡਾਂ ਵਿਚ ਵਰਕਰ ਮੀਟਿੰਗਾਂ ਕਰਕੇ ਅਗਾਮੀ ਚੋਣਾਂ ਦੀ ਰਣਨੀਤੀ ’ਤੇ ਚਰਚਾ ਕੀਤੀ ਹੈ। ਪਿੰਡਾਂ ਦੇ ਮੋਹਤਬਰਾਂ ਅਤੇ ਵਰਕਰਾਂ ਨਾਲ ਸਿੱਧਾ ਸੰਪਰਕ ਕਰਕੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਪੱਟੀ ਹਲਕੇ ਵਿਚ ਆਮ ਆਦਮੀ ਪਾਰਟੀ ਨੇ ਹੁਣ ਸਪੱਸ਼ਟ ਤੌਰ ’ਤੇ ਨਵੇਂ ਚਿਹਰੇ ਨੂੰ ਅੱਗੇ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜੱਸਾ ਪੱਟੀ ਪਾਰਟੀ ਦੀਆਂ ਉਮੀਦਾਂ ’ਤੇ ਕਿਨ੍ਹਾਂ ਖਰਾ ਉਤਰਦੇ ਹਨ ਅਤੇ ਕੀ ਉਹ ਹਲਕੇ ਵਿਚ ਪਾਰਟੀ ਨੂੰ ਪਹਿਲਾਂ ਵਾਂਗ ਮਜ਼ਬੂਤ ਸਥਿਤੀ ’ਚ ਲਿਆ ਸਕਣਗੇ।