ਹੜ੍ਹ ਪੀੜਤ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਮੁਆਵਜ਼ਾ ਨਾ ਦੇਣਾ ਮੰਦਭਾਗਾ : ਖਹਿਰਾ
20 ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ। ਉਹ ਵੀ 7-8 ਮਹੀਨੇ ਬੀਤਣ ਦੇ ਬਾਵਜੂਦ ਅਜੇ ਤਕ ਕਿਸਾਨਾਂ ਨੂੰ ਨਹੀਂ ਮਿਲਿਆ।
Publish Date: Mon, 30 Mar 2026 04:17 PM (IST)
Updated Date: Tue, 31 Mar 2026 04:01 AM (IST)
ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਪੰਜਾਬ ’ਚ ਡੈਮਾਂ ’ਚੋਂ ਛੱਡੇ ਪਾਣੀ ਕਾਰਨ ਆਏ ਬੇਤਾਹਾਸ਼ਾ ਹੜ੍ਹਾਂ ਕਾਰਨ ਪੰਜਾਬ ’ਚ ਲਗਭਗ ਚਾਰ ਲੱਖ ਕਿੱਲਾ ਜ਼ਮੀਨ ’ਚ ਫ਼ਸਲ ਬਰਬਾਦ ਹੋ ਗਈ ਤੇ ਬਹੁਤ ਸਾਰੇ ਮਕਾਨ ਵੀ ਢਹਿ ਗਏ। ਪੰਜਾਬ ਸਰਕਾਰ ਵੱਲੋਂ ਪਹਿਲਾਂ ਲੋਕਾਂ ਦੀ ਮਦਦ ਕਰਨ ਦੀ ਥਾਂ ਸੈਂਟਰ ਸਰਕਾਰ ਖ਼ਿਲਾਫ਼ ਮੁਆਵਜ਼ੇ ਨੂੰ ਲੈ ਕੇ ਦੋਸ਼ ਲਾਉਣ ਦੀਆਂ ਖੇਡਾਂ ਖੇਡੀਆਂ ਗਈਆਂ ਤੇ ਖੁਦ ਕਿਸੇ ਦੀ ਸਾਰ ਨਹੀਂ ਲਈ ਗਈ। ਜਿਹੜੇ 20 ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ। ਉਹ ਵੀ 7-8 ਮਹੀਨੇ ਬੀਤਣ ਦੇ ਬਾਵਜੂਦ ਅਜੇ ਤਕ ਕਿਸਾਨਾਂ ਨੂੰ ਨਹੀਂ ਮਿਲਿਆ। ਪਤਾ ਨਹੀਂ ਪੰਜਾਬ ਸਰਕਾਰ ਦੀ ਹੁਣ ਵੀ ਕਿਹੜੀ ਗਿਰਦਾਵਰੀ ਬਾਕੀ ਹੈ।
ਖਡੂਰ ਸਾਹਿਬ ਸਬ-ਡਵੀਜ਼ਨ ਦੇ ਜਲਾਲਾਬਾਦ, ਵੈਰੋਵਾਲ, ਖੱਖ ਧੂੰਦਾ ਆਦਿ ਪਿੰਡਾਂ ਦੇ ਕਈ ਕਿਸਾਨਾਂ ਨੇ ਦੱਸਿਆ ਕੀ ਉਹ ਡੀਸੀ ਦਫ਼ਤਰ ਦੇ ਗੇੜੇ ਮਾਰ-ਮਾਰ ਥੱਕ ਗਏ ਹਨ। ਅੱਗੋਂ ਮੁਲਾਜ਼ਮ ਆਖਦੇ ਹਨ ਕਿ ਅਜੇ ਪੈਸੇ ਨਹੀਂ ਆਏ, ਜਦੋਂ ਆਏ ਤਾਂ ਮਿਲ ਜਾਣਗੇ। ਅਜਿਹੀ ਹਾਲਤ ’ਚ ਮੰਡ ਖੇਤਰ ਦੇ ਕਿਸਾਨ ਕਿੱਧਰ ਜਾਣ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ ਜੋ ਕਿ ਕੁਦਰਤ ਫਾਊਂਡੇਸ਼ਨ ਦੇ ਪ੍ਰਧਾਨ ਵੀ ਹਨ ਨੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ ਦੀ ਮੌਜੂਦਗੀ ’ਚ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ।
ਉਨ੍ਹਾਂ ਅੱਗੇ ਕਿਹਾ ਕਿ ਨਿੱਤ ਦਿਨ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਰਹੇ ਪੰਜਾਬ ਸਰਕਾਰ ਦੇ ਮੰਤਰੀ ਤੇ ਮੁੱਖ ਮੰਤਰੀ ਪਹਿਲਾਂ ਪਿਛਲੇ ਕੀਤੇ ਵਾਅਦੇ ਤਾਂ ਪੂਰੇ ਕਰ ਲੈਣ।
ਉਨ੍ਹਾਂ ਹੜ੍ਹਾਂ ਦਾ ਮੁਆਵਜ਼ਾ ਤੁਰੰਤ ਪੀੜਤ ਲੋਕਾਂ ਨੂੰ ਦੇਣ ਦਾ ਆਖਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਐਲਾਨ ਕਰ ਕੇ ਮੁਆਵਜ਼ਾ ਨਾ ਦੇ ਕੇ ਫਿਰ ਧ੍ਰੋਹ ਕੀਤਾ ਹੈ। ਜਿਸ ਕਾਰਨ ਲੋਕ ਗੁੱਸੇ ’ਚ ਹਨ ਤੇ ਇਸ ਸਰਕਾਰ ਦਾ ਆਉਂਦੀਆਂ ਚੋਣਾਂ ’ਚ ਪੰਜਾਬ ਤੋਂ ਬਿਲਕੁਲ ਸਫ਼ਾਇਆ ਕਰਨ ਲਈ ਉਤਾਵਲੇ ਹਨ। ਉਨ੍ਹਾਂ ਨੇ ਖ਼ਰਾਬਾ ਅਜੇ ਤਕ ਵੀ ਨਾ ਦੇਣ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ।
ਇਸ ਮੌਕੇ ਅਮਰਪਾਲ ਸਿੰਘ ਖਹਿਰਾ ਨਾਲ ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੁਲ ਜੈਨ ਪੱਟੀ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ, ਕਿਸਾਨ ਮੋਰਚਾ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਭੈਲ, ਜ਼ਿਲ੍ਹਾ ਸਕੱਤਰ ਸੁਖਵੰਤ ਸਿੰਘ, ਯੂਥ ਜ਼ਿਲ੍ਹਾ ਸਕੱਤਰ ਸਤਨਾਮ ਸਿੰਘ ਫਤਿਆਬਾਦ, ਜ਼ਿਲ੍ਹਾ ਮੀਡੀਆ ਇੰਚਾਰਜ ਦਸਬਿੰਦਰ ਸਿੰਘ ਗੋਇੰਦਵਾਲ ਆਦਿ ਆਗੂ ਮੌਜੂਦ ਸਨ।