ਰਾਹਗੀਰਾਂ ਲਈ ਰਾਹਤ ਦੀ ਬਜਾਏ ਆਫ਼ਤ ਬਣਿਆ ਪੱਟੀ ਦਾ ਰੇਲਵੇ ਜ਼ਮੀਨਦੋਜ਼ ਲਾਂਘਾ
ਲਾਂਘੇ ’ਚ ਪਾਣੀ ਦੀ ਨਿਕਾਸੀ ਲਈ ਢੰਗ ਦੀ ਵਿਵਸਥਾ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
Publish Date: Sun, 29 Mar 2026 06:57 PM (IST)
Updated Date: Mon, 30 Mar 2026 04:09 AM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਪੱਟੀ ਦੀ ਸੰਗਲ ਬਸਤੀ ਨੇੜੇ ਬਣਿਆ ਰੇਲਵੇ ਜ਼ਮੀਨਦੋਜ਼ ਲਾਂਘਾ, ਜੋ ਰਾਹਗੀਰਾਂ ਲਈ ਸਹੂਲਤ ਦੇਣ ਲਈ ਤਿਆਰ ਕੀਤਾ ਗਿਆ ਸੀ, ਹੁਣ ਉਲਟ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦਾ ਜਾ ਰਿਹਾ ਹੈ। ਖ਼ਾਸ ਕਰ ਕੇ ਬਰਸਾਤ ਦੇ ਮੌਸਮ ਦੌਰਾਨ ਇਹ ਲਾਂਘਾ ਪਾਣੀ ਨਾਲ ਲਬਾਲਬ ਭਰ ਜਾਂਦਾ ਹੈ, ਜਿਸ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਵਸਨੀਕਾਂ ਮੁਤਾਬਿਕ ਜਿਵੇਂ ਹੀ ਮੀਂਹ ਪੈਂਦਾ ਹੈ, ਲਾਂਘੇ ’ਚ ਪਾਣੀ ਖੜ੍ਹਾ ਹੋ ਜਾਂਦਾ ਹੈ ਤੇ ਨਿਕਾਸੀ ਦਾ ਢੰਗ ਸਹੀ ਨਾ ਹੋਣ ਕਾਰਨ ਇਹ ਕਈ ਦਿਨਾਂ ਤਕ ਖਾਲੀ ਨਹੀਂ ਹੁੰਦਾ। ਇਸ ਕਰ ਕੇ ਦੋ ਪਹੀਆਂ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਮੁਸ਼ਕਿਲ ਆਉਂਦੀ ਹੈ, ਕਿਉਂਕਿ ਉਨ੍ਹਾਂ ਨੂੰ ਪਾਣੀ ’ਚੋਂ ਲੰਘਣਾ ਪੈਂਦਾ ਹੈ, ਜੋ ਹਾਦਸਿਆਂ ਦਾ ਖ਼ਤਰਾ ਵੀ ਵਧਾਉਂਦਾ ਹੈ। ਕਈ ਵਾਰ ਵਾਹਨ ਬੰਦ ਹੋ ਜਾਣ ਜਾਂ ਫਿਸਲਣ ਕਾਰਨ ਲੋਕ ਜ਼ਖ਼ਮੀ ਵੀ ਹੋ ਚੁੱਕੇ ਹਨ। ਸਕੂਲ ਜਾਣ ਵਾਲੇ ਬੱਚੇ ਤੇ ਕੰਮ ’ਤੇ ਜਾਣ ਵਾਲੇ ਲੋਕ ਵੀ ਇਸ ਸਮੱਸਿਆ ਨਾਲ ਬਹੁਤ ਪਰੇਸ਼ਾਨ ਹਨ। ਸਥਾਨਕ ਲੋਕ ਮਲਕੀਤ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ ਮਾਹਲਾ, ਬਲਵਿੰਦਰ ਸਿੰਘ ਤੇ ਸਤਨਾਮ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਪੱਕਾ ਹੱਲ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਲਾਂਘੇ ’ਚ ਪਾਣੀ ਦੀ ਨਿਕਾਸੀ ਲਈ ਢੰਗ ਦੀ ਵਿਵਸਥਾ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਇਸ ਮਾਮਲੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਕਾਰਵਾਈ ਕੀਤੀ ਜਾਵੇ, ਤਾਂ ਜੋ ਰਾਹਗੀਰਾਂ ਨੂੰ ਆ ਰਹੀਆਂ ਦਿੱਕਤਾਂ ਤੋਂ ਛੁਟਕਾਰਾ ਮਿਲ ਸਕੇ।