ਰਿਤਿਕ ਅਰੋੜਾ ਲੁਧਿਆਣਾ ਅਰਬਨ ਯੂਥ ਕਾਂਗਰਸ ਦੇ ਇੰਚਾਰਜ ਨਿਯੁਕਤ ਰਿਤਿਕ ਅਰੋੜਾ ਲੁਧਿਆਣਾ ਅਰਬਨ ਯੂਥ ਕਾਂਗਰਸ ਦੇ ਇੰਚਾਰਜ ਨਿਯੁਕਤ
Publish Date: Fri, 11 Sep 2026 07:53 PM (IST)
Updated Date: Fri, 11 Sep 2026 07:55 PM (IST)
ਪੱਤਰ ਪ੍ਰੇਰਕ •ਪੰਜਾਬੀ ਜਾਗਰਣ ਤਰਨਤਾਰਨ : ਪੰਜਾਬ ਯੂਥ ਕਾਂਗਰਸ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਤੇ ਨੌਜਵਾਨਾਂ ਨੂੰ ਪਾਰਟੀ ਨਾਲ ਵੱਧ ਤੋਂ ਵੱਧ ਜੋੜਨ ਦੇ ਉਦੇਸ਼ ਨਾਲ ਜਥੇਬੰਦਕ ਜ਼ਿੰਮੇਵਾਰੀਆਂ ਵਿਚ ਵਾਧਾ ਕਰਦਿਆਂ ਰਿਤਿਕ ਅਰੋੜਾ, ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ, ਨੂੰ ਜ਼ਿਲ੍ਹਾ ਲੁਧਿਆਣਾ ਅਰਬਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਇਸ ਨਵੀਂ ਜ਼ਿੰਮੇਵਾਰੀ ਨੂੰ ਸਿਆਸੀ ਤੇ ਜਥੇਬੰਦਕ ਹਲਕਿਆਂ ਵਿਚ ਅਹਿਮ ਮੰਨਿਆ ਜਾ ਰਿਹਾ ਹੈ। ਨਿਯੁਕਤੀ ਤੋਂ ਬਾਅਦ ਰਿਤਿਕ ਅਰੋੜਾ ਨੇ ਕਾਂਗਰਸ ਪਾਰਟੀ ਦੀ ਸਮੁੱਚੀ ਹਾਈਕਮਾਂਡ ਤੇ ਪੰਜਾਬ ਯੂਥ ਕਾਂਗਰਸ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਉੱਤੇ ਜਿਹੜਾ ਭਰੋਸਾ ਪ੍ਰਗਟਾਇਆ ਗਿਆ ਹੈ, ਉਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਹਰ ਜ਼ਿੰਮੇਵਾਰੀ ਨੂੰ ਉਹ ਹਮੇਸ਼ਾ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਨੂੰ ਤਰਜੀਹ ਦਿੰਦੇ ਹਨ ਤੇ ਹੁਣ ਲੁਧਿਆਣਾ ਅਰਬਨ ਦੀ ਜ਼ਿੰਮੇਵਾਰੀ ਨੂੰ ਵੀ ਪੂਰੇ ਸਮਰਪਣ ਨਾਲ ਨਿਭਾਇਆ ਜਾਵੇਗਾ। ਰਿਤਿਕ ਅਰੋੜਾ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਵਿਚ ਕਾਂਗਰਸ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਉੱਚ ਪੱਧਰ ਤੱਕ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਵਰਗ ਦੇਸ਼ ਤੇ ਸੂਬੇ ਦੀ ਰਾਜਨੀਤੀ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ, ਇਸ ਲਈ ਨੌਜਵਾਨਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਅਤੇ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਉਣ ਲਈ ਵਰਕਰਾਂ ਨਾਲ ਮਿਲ ਕੇ ਕੰਮ ਕਰਨਗੇ। ਉਨ੍ਹਾਂ ਦਾ ਉਦੇਸ਼ ਪਾਰਟੀ ਦੇ ਜ਼ਮੀਨੀ ਪੱਧਰ ਦੇ ਵਰਕਰਾਂ ਨਾਲ ਤਾਲਮੇਲ ਵਧਾਉਣਾ ਅਤੇ ਨੌਜਵਾਨਾਂ ਨੂੰ ਸੰਗਠਨ ਨਾਲ ਜੋੜ ਕੇ ਯੂਥ ਕਾਂਗਰਸ ਨੂੰ ਹੋਰ ਸਰਗਰਮ ਬਣਾਉਣਾ ਹੋਵੇਗਾ।