- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਿਆਣਾ ਦਾ ਨੌਜਵਾਨ ਪੈਦਲ ਯਾਤਰਾ ਕਰਕੇ ਜਸਵੰਤ ਸਿੰਘ ਖਾਲੜਾ ਦੇ ਜੱਦੀ ਪਿੰਡ ਪੁੱਜਾ

ਇਲਾਕਾ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ ਤੇ ਸਨਮਾਨ
ਸਰਬਜੀਤ ਸਿੰਘ ਛੀਨਾ •ਪੰਜਾਬੀ ਜਾਗਰਣ
ਖਾਲੜਾ : ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਸੰਘਰਸ਼ ’ਤੇ ਆਧਾਰਿਤ ਫ਼ਿਲਮ ‘ਸਤਲੁਜ’ ਤੋਂ ਪ੍ਰਭਾਵਿਤ ਹੋ ਕੇ ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਦੇ ਸਮਾਲਖਾ ਨੇੜਲੇ ਇਕ ਪਿੰਡ ਦੇ ਵਸਨੀਕ ਸੁਨੀਲ ਕੁਮਾਰ ਰਾਠੌਰ ਪੈਦਲ ਯਾਤਰਾ ਕਰਦੇ ਹੋਏ ਵੀਰਵਾਰ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੱਦੀ ਪਿੰਡ ਖਾਲੜਾ ਵਿਖੇ ਪਹੁੰਚੇ। ਇਥੇ ਪਹੁੰਚ ਕੇ ਉਨ੍ਹਾਂ ਨੇ ਭਾਈ ਖਾਲੜਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੇ ਸੁਨੀਲ ਕੁਮਾਰ ਰਾਠੌਰ ਨੇ ਦੱਸਿਆ ਕਿ ਫ਼ਿਲਮ ‘ਸਤਲੁਜ’ ਦੇਖਣ ਤੋਂ ਬਾਅਦ ਉਹ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ, ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਤੇ ਸੱਚ ਲਈ ਲੜੀ ਗਈ ਲੜਾਈ ਤੋਂ ਬਹੁਤ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਉਨ੍ਹਾਂ ਦੇ ਮਨ ਵਿਚ ਇੱਛਾ ਜਾਗੀ ਕਿ ਉਹ ਪੈਦਲ ਯਾਤਰਾ ਕਰਕੇ ਸ਼ਹੀਦ ਖਾਲੜਾ ਦੇ ਜੱਦੀ ਪਿੰਡ ਪਹੁੰਚਣ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ।
ਉਨ੍ਹਾਂ ਦੱਸਿਆ ਕਿ ਇਸੇ ਮਕਸਦ ਨਾਲ ਉਨ੍ਹਾਂ ਨੇ 12 ਜੁਲਾਈ ਨੂੰ ਪਾਣੀਪਤ ਤੋਂ ਆਪਣੀ ਪੈਦਲ ਯਾਤਰਾ ਸ਼ੁਰੂ ਕੀਤੀ ਸੀ। ਵੱਖ-ਵੱਖ ਪੜਾਵਾਂ 'ਤੇ ਠਹਿਰਦੇ ਹੋਏ ਕਰੀਬ 18 ਦਿਨਾਂ ਦੀ ਯਾਤਰਾ ਪੂਰੀ ਕਰਨ ਉਪਰੰਤ ਉਹ ਖਾਲੜਾ ਪਹੁੰਚੇ।ਇਸ ਮੌਕੇ ਗ੍ਰਾਮ ਪੰਚਾਇਤ ਖਾਲੜਾ ਮੰਡੀ ਦੇ ਸਰਪੰਚ ਗੁਰਜੀਤ ਸਿੰਘ ਨੇ ਸੁਨੀਲ ਕੁਮਾਰ ਰਾਠੌਰ ਦਾ ਨਿੱਘਾ ਸਵਾਗਤ ਕੀਤਾ। ਗੁਰਦੁਆਰਾ ਬਾਬਾ ਜੀਵਨ ਸਿੰਘ ਜੀ, ਖਾਲੜਾ ਮੰਡੀ ਅਤੇ ਗੁਰਦੁਆਰਾ ਪਹਿਲੀ ਪਾਤਸ਼ਾਹੀ, ਪਿੰਡ ਖਾਲੜਾ ਦੀ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ।
ਇਸ ਉਪਰੰਤ ਖਾਲੜਾ ਮਿਸ਼ਨ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੁਰਿੰਦਰਪਾਲ ਸਿੰਘ ਘਰਿਆਲਾ, ਸਕੱਤਰ ਬਲਵਿੰਦਰ ਸਿੰਘ ਝਬਾਲ ਅਤੇ ਮੁੱਖ ਬੁਲਾਰੇ ਸਤਨਾਮ ਸਿੰਘ ਅਮੀਸ਼ਾ ਨੇ ਸੁਨੀਲ ਕੁਮਾਰ ਰਾਠੌਰ ਨੂੰ ਲੋਈ ਤੇ ਨਕਦ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਬਲਰਾਜ ਸਿੰਘ ਗਿੱਲ, ਲਵਲੀ ਕੰਡਾ, ਲਾਲੀ ਛੀਨਾ, ਸੋਨੀ ਸਰਪੰਚ, ਜਗਤਾਰ ਸਿੰਘ ਖਾਲੜਾ, ਸੁਖਜੀਤ ਸਿੰਘ ਚੀਮਾ ਤੇ ਫੌਜੀ ਗੁਰਸਾਹਿਬ ਸਿੰਘ ਨੇ ਵੀ ਨਕਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਜੋਧਪੁਰੀ, ਸਾਬਕਾ ਸਰਪੰਚ ਸਾਹਿਬ ਸਿੰਘ ਅਮੀਸ਼ਾ, ਸਰਪੰਚ ਬਲਦੇਵ ਸਿੰਘ, ਗੋਪਾਲ ਸਿੰਘ ਖਾਲੜਾ, ਡਾ. ਜਸਪਾਲ ਸਿੰਘ, ਹੈਪੀ ਖਾਲੜਾ, ਬਾਬਾ ਜੁਗਰਾਜ ਸਿੰਘ ਖਾਲੜਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।