ਮਾਂ ਬਗਲਾ ਮੁਖੀ ਧਾਮ ’ਚ ਮਨਾਈ ਜਾਵੇਗੀ ਹਨੂੰਮਾਨ ਜਯੰਤੀ : ਮਹੰਤ ਰਵੀ ਪੁਰੀ
ਭਗਵਾਨ ਹਨੂੰਮਾਨ ਜੀ ਸਾਨੂੰ ਸਦਾ ਸੱਚਾਈ, ਨਿਮਰਤਾ ਤੇ ਹੌਸਲੇ ਨਾਲ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੰਦੇ ਹਨ।
Publish Date: Tue, 31 Mar 2026 04:09 PM (IST)
Updated Date: Wed, 01 Apr 2026 04:01 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ : ਪੱਟੀ ਸਥਿਤ ਮਾਂ ਬਗਲਾ ਮੁਖੀ ਧਾਮ ’ਚ ਆਉਣ ਵਾਲੀ 2 ਅਪ੍ਰੈਲ ਨੂੰ ਭਗਵਾਨ ਹਨੂੰਮਾਨ ਜੀ ਦੀ ਜਯੰਤੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾਵੇਗੀ। ਇਸ ਸਬੰਧੀ ਮੰਦਰ ਦੇ ਮੁੱਖ ਸੇਵਾਦਾਰ ਮਹੰਤ ਰਵੀ ਪੁਰੀ ਨੇ ਦੱਸਿਆ ਕਿ ਇਸ ਦਿਨ ਨੂੰ ਲੈ ਕੇ ਮੰਦਰ ਪ੍ਰਬੰਧਕਾਂ ਤੇ ਸੰਗਤਾਂ ’ਚ ਖ਼ਾਸ ਉਤਸ਼ਾਹ ਹੈ।
ਸਮਾਗਮ ਦੀ ਸ਼ੁਰੂਆਤ ਸਵੇਰੇ 9 ਵਜੇ ਤੋਂ 11:30 ਵਜੇ ਤਕ ਭਗਵਾਨ ਹਨੂੰਮਾਨ ਜੀ ਦੇ ਹਵਨ ਯੱਗ ਨਾਲ ਕੀਤੀ ਜਾਵੇਗੀ, ਜਿਸ ’ਚ ਸੰਗਤ ਵੱਲੋਂ ਵੱਡੀ ਗਿਣਤੀ ’ਚ ਹਾਜ਼ਰੀ ਭਰੀ ਜਾਵੇਗੀ। ਇਸ ਦੌਰਾਨ ਭਗਵਾਨ ਹਨੂੰਮਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਜਾਣਗੀਆਂ। ਮਹੰਤ ਪੁਰੀ ਨੇ ਅੱਗੇ ਕਿਹਾ ਕਿ ਹਨੂੰਮਾਨ ਜਯੰਤੀ ਦਾ ਤਿਉਹਾਰ ਭਗਤੀ, ਸ਼ਕਤੀ ਤੇ ਸੇਵਾ ਦਾ ਪ੍ਰਤੀਕ ਹੈ। ਭਗਵਾਨ ਹਨੂੰਮਾਨ ਜੀ ਸਾਨੂੰ ਸਦਾ ਸੱਚਾਈ, ਨਿਮਰਤਾ ਤੇ ਹੌਸਲੇ ਨਾਲ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੰਦੇ ਹਨ। ਇਸ ਲਈ ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਸਮਾਗਮ ਦੌਰਾਨ ਮੰਦਰ ਵਿਖੇ ਭਜਨ ਕੀਰਤਨ ਵੀ ਕੀਤਾ ਜਾਵੇਗਾ, ਜਿਸ ’ਚ ਭਗਤਾਂ ਵੱਲੋਂ ਹਨੂੰਮਾਨ ਜੀ ਦੀ ਮਹਿਮਾ ਦਾ ਜਾਪ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਗਤ ਲਈ ਵਿਸ਼ਾਲ ਲੰਗਰ ਭੰਡਾਰਾ ਵੀ ਲਗਾਇਆ ਜਾਵੇਗਾ, ਜੋ ਸਾਰਾ ਦਿਨ ਚੱਲੇਗਾ।
ਮਹੰਤ ਰਵੀ ਪੁਰੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਵੱਡੀ ਗਿਣਤੀ ’ਚ ਪਹੁੰਚ ਕੇ ਸਮਾਗਮ ਦੀ ਰੌਣਕ ਵਧਾਉਣ ਤੇ ਭਗਵਾਨ ਹਨੂੰਮਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਮੰਦਰ ਪ੍ਰਬੰਧਕਾਂ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਅੰਤ ’ਚ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਮਾਜ ’ਚ ਏਕਤਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ ਤੇ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਦੇ ਹਨ।