ਜ਼ਮੀਨੀ ਵਿਵਾਦ 'ਚ ਚੱਲੀਆਂ ਗੋਲੀਆਂ! ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਗਏ ਸਰਪੰਚ 'ਤੇ ਜਾਨਲੇਵਾ ਹਮਲਾ, ਇਲਾਕੇ 'ਚ ਤਣਾਅ ਪਿੰਡ ਠੱਠੀ ਸੋਹਲ ਵਿਖੇ ਪਿਛਲੇ ਲੰਮੇ ਸਮੇਂ ਤੋਂ ਪੰਚਾਇਤੀ ਜ਼ਮੀਨ ’ਤੇ ਕੀਤਾ ਕਬਜ਼ਾ ਹਟਵਾਉਣ ਲਈ ਸ਼ਿਕਾਇਤ ਦੇਣ ਦੀ ਰੰਜਿਸ਼ ਤਹਿਤ ਜਮੀਨ ’ਤੇ ਕਾਬਜ਼ ਵਿਅਕਤੀ ਅਤੇ ਉਸ ਦੇ ਸਾਥੀਆਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ਦੌਰਾਨ ਦੋ ਵਿਅਕਤੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।
Publish Date: Wed, 15 Jul 2026 11:55 AM (IST)
Updated Date: Wed, 15 Jul 2026 11:59 AM (IST)
ਤੇਜਿੰਦਰ ਸਿੰਘ/ ਬੱਬੂ ਪੰਜਾਬੀ ਜਾਗਰਣ, ਝਬਾਲ - ਪਿੰਡ ਠੱਠੀ ਸੋਹਲ ਵਿਖੇ ਪਿਛਲੇ ਲੰਮੇ ਸਮੇਂ ਤੋਂ ਪੰਚਾਇਤੀ ਜ਼ਮੀਨ ’ਤੇ ਕੀਤਾ ਕਬਜ਼ਾ ਹਟਵਾਉਣ ਲਈ ਸ਼ਿਕਾਇਤ ਦੇਣ ਦੀ ਰੰਜਿਸ਼ ਤਹਿਤ ਜਮੀਨ ’ਤੇ ਕਾਬਜ਼ ਵਿਅਕਤੀ ਅਤੇ ਉਸ ਦੇ ਸਾਥੀਆਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ਦੌਰਾਨ ਦੋ ਵਿਅਕਤੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।
ਇਸ ਸਬੰਧੀ ਪਿੰਡ ਦੇ ਮੌਜੂਦਾ ਸਰਪੰਚ ਜਗਮੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪਿੰਡ ਠੱਠੀ ਸੋਹਲ ਦੀ 22 ਕਨਾਲ ਪੰਚਾਇਤੀ ਜ਼ਮੀਨ ’ਤੇ ਪਿੰਡ ਦੇ ਹੀ ਧਰਮ ਸਿੰਘ ਪੁੱਤਰ ਕੇਸਰ ਸਿੰਘ ਨੇ ਕਰੀਬ 15 ਸਾਲ ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਜਿਸ ਸਬੰਧੀ ਉਸਨੇ ਵਿਭਾਗ ਨੂੰ ਸ਼ਿਕਾਇਤ ਦਿੱਤੀ ਹੋਈ ਸੀ ਅਤੇ ਅਦਾਲਤ ਵਿਚ ਕੇਸ ਪਾਇਆ ਸੀ। ਹਾਈਕੋਰਟ ਵੱਲੋਂ ਫੈਸਲਾ ਪੰਚਾਇਤ ਦੇ ਹੱਕ ਸੁਣਾਏ ਜਾਣ ਤੋਂ ਬਾਅਦ ਜਮੀਨ ’ਤੇ ਕਾਬਜ਼ ਵਿਅਕਤੀ ਧਰਮ ਸਿੰਘ ਨੂੰ ਐੱਸਡੀਐੱਮ ਦੀ ਅਦਾਲਤ ਵੱਲੋਂ 30 ਦਿਨਾਂ ਦਾ ਨੋਟਿਸ ਜਾਰੀ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਉਸ ਨੇ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਨਹੀਂ ਛੱਡਿਆ। ਅਦਾਲਤੀ ਹੁਕਮਾਂ ਅਨੁਸਾਰ ਨਾਇਬ ਤਹਿਸੀਲਦਾਰ, ਕਾਨੂੰਗੋ, ਪਟਵਾਰੀ ਅਤੇ ਬੀਡੀਪੀਓ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਨਾਲ ਪਿੰਡ ਪੁੱਜੇ ਤੇ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਜਮੀਨ ਪੰਚਾਇਤ ਦੇ ਹਵਾਲੇ ਕਰ ਦਿੱਤੀ।
ਜਦੋਂ ਪ੍ਰਸ਼ਾਸਨ ਪੰਚਾਇਤ ਨੂੰ ਕਬਜ਼ਾ ਦਿਵਾ ਕੇ ਵਾਪਸ ਪਰਤ ਗਿਆ ਤਾਂ ਧਰਮ ਸਿੰਘ ਅਤੇ ਉਸ ਦੇ ਸਾਥੀਆਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਸੀਟੂ ਪੁੱਤਰ ਅਮਰੀਕ ਸਿੰਘ ਅਤੇ ਗੁਰਬਖਸ਼ ਸਿੰਘ ਪੁੱਤਰ ਗੱਜਣ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਦੋਂਕਿ ਉਸ ਦੇ ਵੀ ਸੱਟਾਂ ਲਗਾਈਆਂ ਗਈਆਂ। ਉੱਧਰ ਜਾਂਚ ਅਧਿਕਾਰੀ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਗਮੀਤ ਸਿੰਘ ਦੇ ਬਿਆਨਾਂ ’ਤੇ ਰੇਸ਼ਮ ਕੌਰ ਪਤਨੀ ਧਰਮ ਸਿੰਘ, ਜੈਦੀਪ ਸਿੰਘ ਪੁੱਤਰ ਕੁਲਬੀਰ ਸਿੰਘ, ਦਵਿੰਦਰ ਸਿੰਘ ਪੁੱਤਰ ਕਰਮ ਸਿੰਘ, ਪਲਵਿੰਦਰ ਸਿੰਘ ਪੁੱਤਰ ਕਰਮ ਸਿੰਘ, ਮਨਜਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ, ਹਰਮੀਤ ਸਿੰਘ ਪੁੱਤਰ ਦਵਿੰਦਰ ਸਿੰਘ, ਜਸ਼ਨਦੀਪ ਸਿੰਘ ਪੁੱਤਰ ਪਲਵਿੰਦਰ ਸਿੰਘ, ਕਰਨਦੀਪ ਸਿੰਘ ਪੁੱਤਰ ਪਲਵਿੰਦਰ ਸਿੰਘ, ਧਰਮ ਸਿੰਘ ਪੁੱਤਰ ਕੇਸਰ ਸਿੰਘ, ਕੁਲਬੀਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਠੱਠੀ ਸੋਹਲ ਤੇ 15 ਦੇ ਕਰੀਬ ਅਣਪਛਾਤਿਆਂ ਵਿਰੁੱਧ ਜਾਨਲੇਵਾ ਹਮਲਾ ਕਰਨ ਸਬੰਧੀ ਕੇਸ ਦਰਜ ਕਰਕੇ ਪਲਵਿੰਦਰ ਸਿੰਘ ਪੁੱਤਰ ਕਰਮ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਜਦੋਂਕਿ ਬਾਕੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।