
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੁਰਬਰਿੰਦਰ ਸਿੰਘ, ਪੰਜਾਬੀ ਜਾਗਰਣ,

ਗੁਰਬਰਿੰਦਰ ਸਿੰਘ, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ਼ ਸਾਹਿਬ : ਪਿੰਡ ਭੈਲ ਤੋਂ ਸ਼ਟਰਿੰਗ ਦਾ ਸਾਮਾਨ ਲੈ ਕੇ ਫਤਿਆਬਾਦ ਵੱਲ ਜਾ ਰਹੀ ਟਰੈਕਟਰ-ਟਰਾਲੀ ਦਾ ਸੰਤੁਲਨ ਵਿਗੜ ਜਾਣ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਇਕ ਹੋਰ ਮਜ਼ਦੂਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਹਾਦਸਾ ਪਿੰਡ ਭੈਲਾਂ ਤੇ ਭੋਈਆਂ ਵਿਚਕਾਰ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਟਰੈਕਟਰ-ਟਰਾਲੀ ਚਾਲਕ ਦੇ ਮੌਕੇ ਤੋਂ ਫ਼ਰਾਰ ਹੋ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਨਬੀਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਫਤਿਆਬਾਦ ਤੇ ਗੁਰਪ੍ਰੀਤ ਸਿੰਘ ਵਾਸੀ ਧੂੰਦਾ ਸ਼ਟਰਿੰਗ ਦਾ ਸਾਮਾਨ ਲੈ ਕੇ ਟਰੈਕਟਰ-ਟਰਾਲੀ ਰਾਹੀਂ ਫਤਿਆਬਾਦ ਵੱਲ ਜਾ ਰਹੇ ਸਨ। ਟਰੈਕਟਰ ਦੀ ਤੇਜ਼ ਰਫ਼ਤਾਰ ਕਾਰਨ ਟਰਾਲੀ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਟਰਾਲੀ ਵਿਚ ਲੱਦਿਆ ਸਾਮਾਨ ਉੱਪਰ ਬੈਠੇ ਦੋਵੇਂ ਮਜ਼ਦੂਰ ਸਮੇਤ ਖੇਤਾਂ ਵਿਚ ਜਾ ਡਿੱਗਾ। ਹਾਦਸਾ ਵਾਪਰਦਿਆਂ ਹੀ ਆਸ-ਪਾਸ ਦੇ ਲੋਕਾਂ ਵੱਲੋਂ ਭਾਰੀ ਮਿਹਨਤ ਨਾਲ ਸ਼ਟਰਿੰਗ ਦੇ ਲੋਹੇ ਦੇ ਸਮਾਨ ਨੂੰ ਹਟਾ ਕੇ ਕਰਨਬੀਰ ਸਿੰਘ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਦੂਜੇ ਪਾਸੇ ਜ਼ਖ਼ਮੀ ਗੁਰਪ੍ਰੀਤ ਸਿੰਘ ਨੂੰ ਤੁਰੰਤ ਇਲਾਜ ਲਈ ਫਤਿਆਬਾਦ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਇਸ ਹਾਦਸੇ ਨੇ ਇੱਕ ਵਾਰ ਫਿਰ ਭਾਰੀ ਸ਼ਟਰਿੰਗ ਸਮਾਨ ਨਾਲ ਓਵਰਲੋਡ ਟਰੈਕਟਰ-ਟਰਾਲੀਆਂ ਦੀ ਆਵਾਜਾਈ ਅਤੇ ਮਜ਼ਦੂਰਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਟਰਿੰਗ ਦੇ ਲੋਹੇ ਦੇ ਗਾਡਰਾਂ ਅਤੇ ਪਲੇਟਾਂ ਵਰਗਾ ਭਾਰੀ ਸਮਾਨ ਲਿਜਾਂਦੇ ਸਮੇਂ ਜੇਕਰ ਟਰਾਲੀ ਦਾ ਸੰਤੁਲਨ ਵਿਗੜ ਜਾਵੇ ਤਾਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਅਤੇ ਟਰੈਕਟਰ-ਟਰਾਲੀ ਚਾਲਕ ਦੇ ਫ਼ਰਾਰ ਹੋਣ ਸਬੰਧੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।