ਪੈਲੇਸ ਗੋਲੀਕਾਂਡ ’ਚ ਜ਼ਖ਼ਮੀ ਨੂੰ ਮਿਲੇ ਮਜੀਠੀਆ
ਤਰਨਤਾਰਨ ’ਚ ਪੈਲੇਸ ਗੋਲੀਕਾਂਡ ਵਿਚ ਜਖਮੀ ਹੋਏ ਜਰਮਨ ਸਿੰਘ ਨੂੰ ਮਿਲੇ ਬਿਕਰਮ ਮਜੀਠੀਆ
Publish Date: Thu, 19 Feb 2026 08:41 PM (IST)
Updated Date: Fri, 20 Feb 2026 04:10 AM (IST)

ਕਾਨੂੰਨ ਵਿਵਸਥਾ ਢਹਿ-ਢੇਰੀ ਹੋਣ ਲਈ ਮੁੱਖ ਮੰਤਰੀ ਤੇ ਡੀਜੀਪੀ ਨੂੰ ਜ਼ਿੰਮੇਵਾਰ ਠਹਿਰਾਇਆ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਵਿਆਹ ਪੈਲੇਸ ਵਿਚ ਸਰਪੰਚ ਹਰਬਰਿੰਦਰ ਸਿੰਘ ਦੀ ਹੱਤਿਆ ਦੌਰਾਨ ਗੋਲੀ ਲੱਗਣ ਨਾਲ ਜਖਮੀ ਹੋਏ ਜਰਮਨ ਸਿੰਘ ਪੁੱਤਰ ਸਤਨਾਮ ਸਿੰਘ ਦਾ ਹਾਲ ਜਾਨਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਿੱਜੀ ਹਸਪਤਾਲ ਵਿਚ ਪੁੱਜੇ। ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋਣ ਲਈ ਜ਼ਿੰਮੇਵਾਰ ਠਹਿਰਾਇਆ। ਨਾਲ ਹੀ ਉਨ੍ਹਾਂ ਨੇ ਪੱਟੀ ਹਲਕੇ ਦੇ ਪਿੰਡ ਠੱਠੀਆਂ ਮਹੰਤਾਂ ਤੋਂ ਸਰਪੰਚ ਹਰਬਰਿੰਦਰ ਸਿੰਘ ਦਾ ਕਤਲ ਰੋਕਣ ਵਿਚ ਨਾਕਾਮ ਰਹਿਣ ’ਤੇ ਪੁਲਿਸ ਦੀ ਸਖ਼ਤ ਨਿਖੇਧੀ ਕੀਤੀ। ਮਜੀਠੀਆ ਨੇ ਇਥੇ ਜਰਮਨ ਸਿੰਘ ਜੋ ਕਿ ਸਰਪੰਚ ਦਾ ਚਚੇਰਾ ਭਰਾ ਹੈ, ਨਾਲ ਮੁਲਾਕਾਤ ਕੀਤੀ ਜੋ ਇਸ ਹਮਲੇ ਵਿਚ ਵਾਲ-ਵਾਲ ਬਚੇ ਹਨ।ਹਸਪਤਾਲ ਵਿਚ ਜਰਮਨ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੇਸ ਵਿਚ ਮੁੱਖ ਗਵਾਹ ਨੂੰ ਉਸ ਵੇਲੇ ਵੀ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ ਜਦੋਂ ਇਹ ਗੱਲ ਸਾਹਮਣੇ ਆਈ ਕਿ ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਏਕੇ 47 ਰਾਈਫਲ ਨਾਲ ਉਹਨਾਂ ’ਤੇ ਗੋਲਬਾਰੀ ਕਰਨ ਦੀ ਜ਼਼ਿੰਮੇਵਾਰੀ ਲਈ ਹੈ। ਮਜੀਠੀਆ ਨੇ ਕਿਹਾ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ ਤੇ ਇਕ ਮਹੀਨੇ ਵਿਚ 25 ਤੋਂ ਜ਼ਿਆਦਾ ਲੋਕਾਂ ਦਾ ਕਤਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਵੀ ਸਥਿਤੀ ਦੇ ਹਾਲਾਤ ਦਾ ਨੋਟਿਸ ਲਿਆ ਹੈ ਪਰ ਆਪ ਸਰਕਾਰ ਹਾਲੇ ਤੱਕ ਗੂੜੀ ਨੀਂਦ ਵਿੱਚੋਂ ਨਹੀਂ ਜਾਗੀ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਡੀਜੀਪੀ ਸਿਰਫ ਮੁੱਖ ਮੰਤਰੀ ਦੀ ਖੁਸ਼ਾਮਦ ਕਰ ਕੇ ਆਪਣੀ ਕੁਰਸੀ ਬਚਾਉਣ ਵਾਸਤੇ ਯਤਨਸ਼ੀਲ ਹਨ ਤੇ ਉਹ ਕਾਨੂੰਨ ਵਿਵਸਥਾ ਵੱਲ ਕੋਈ ਧਿਆਨ ਨਹੀਂ ਦੇ ਰਹੇ। ਉਹ ਹੈਰਾਨ ਹਨ ਕਿ ਸੂਬਾ ਸਰਕਾਰ ਵੱਲੋਂ ਇਸ ਸਰਹੱਦੀ ਸੂਬੇ ਵਿਚ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਕਦਮ ਚੁੱਕਣ ਤੋਂ ਪਹਿਲਾਂ ਹੋਰ ਕਿੰਨੇ ਲੋਕਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਵੇਗੀ।