ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਦੀ ਹੋਈ ਪਛਾਣ, ਕੇਸ ਦਰਜ
ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਇਕ ਨੌਜਵਾਨ ਦੀ ਪਛਾਣ ਕਰਕੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ।
Publish Date: Mon, 30 Mar 2026 07:33 PM (IST)
Updated Date: Tue, 31 Mar 2026 04:10 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਫੋਕਲ ਪੁਆਇੰਟ ਵਿਖੇ ਸਥਿਤ ਅਮਨਦੀਪ ਐਵੀਨਿਊ ’ਚ ਇਕ ਘਰ ਵਿੱਚੋਂ ਲੱਖਾਂ ਦੀ ਕੀਮਤ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਇਕ ਨੌਜਵਾਨ ਦੀ ਪਛਾਣ ਕਰਕੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਰਣਜੀਤ ਕੌਰ ਪਤਨੀ ਮਨਦੀਪ ਸਿੰਘ ਵਾਸੀ ਗਲੀ ਨੰਬਰ ਇਕ ਅਮਨਦੀਪ ਐਵਾਨਿਊ ਫੋਕਲ ਪੁਆਇੰਟ ਤਰਨਤਾਰਨ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਸੀ ਕਿ 27 ਮਾਰਚ ਨੂੰ ਦੁਪਹਿਰ ਕਰੀਬ ਇਕ ਵਜੇ ਉਹ ਆਪਣੇ ਲੜਕੇ ਏਕਮਜੋਤ ਸਿੰਘ ਨਾਲ ਆਪਣੇ ਘਰ ਦੇ ਮੁੱਖ ਦਰਵਾਜੇ ਨੂੰ ਤਾਲਾ ਲਗਾ ਕੇ ਰਿਸ਼ਤੇਦਾਰ ਜਸਵੰਤ ਸਿੰਘ ਦੇ ਘਰ ਨਾਲ ਦੀ ਗਲੀ ’ਚ ਗਈ ਸੀ। ਕਰੀਬ ਸਵਾ ਦੋ ਵਜੇ ਉਹ ਆਪਣੇ ਲੜਕੇ ਨਾਲ ਵਾਪਸ ਆਈ ਤੇ ਤਾਲਾ ਖੋਲ੍ਹਣ ਤੋਂ ਬਾਅਦ ਉਸਦਾ ਲੜਕਾ ਪਹਿਲਾਂ ਅੰਦਰ ਚਲਾ ਗਿਆ। ਜਿਸ ਨੇ ਕਮਰੇ ’ਚ ਇਕ ਨੌਜਵਾਨ ਵੇਖ ਕੇ ਰੌਲ਼ਾ ਪਾਇਆ ਤਾਂ ਉਹ ਉਕਤ ਨੌਜਵਾਨ ਨੂੰ ਫੜ੍ਹਨ ਲਈ ਅੱਗੇ ਹੋਈ ਪਰ ਉਹ ਉਸ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ। ਜਦੋਂ ਉਸ ਨੇ ਅੰਦਰ ਵੇਖਿਆ ਤਾਂ ਅਲਮਾਰੀ ਦਾ ਸਾਮਾਨ ਖਿੱਲਰਿਆ ਪਿਆ ਸੀ ਤੇ ਅੰਦਰੋਂ 7 ਤੋਲੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਚਾਂਦੀ ਦੇ 11 ਤੋਲੇ ਗਹਿਣਿਆਂ ਦੇ ਨਾਲ ਇਕ ਓਪੋ ਤੇ ਇਕ ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਚੋਰੀ ਹੋ ਚੁੱਕਾ ਸੀ।
ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਤਾਨੀਆ ਹਾਂਡਾ ਨੇ ਦੱਸਿਆ ਕਿ ਚੋਰੀ ਕਰਨ ਵਾਲੇ ਦੀ ਪਛਾਣ ਰੋਬਿਨ ਪੁੱਤਰ ਤਿੰਦੇ ਵਾਸੀ ਗਲੀ ਨਾਥਾਂ ਵਾਲੀ, ਸਾਹਮਣੇ ਰੇਲਵੇ ਸਟੇਸ਼ਨ ਤਰਨਤਾਰਨ ਵਜੋਂ ਹੋਈ ਹੈ। ਜਿਸ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਸ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।