ਚਾਰ ਲੇਬਰ ਕੋਡ ਮਜ਼ਦੂਰ, ਮੁਲਾਜ਼ਮ ਅਤੇ ਮਿਹਨਤਕਸ਼ ਵਰਗ ਵਿਰੋਧੀ - ਗੌਰਮਿੰਟ ਟੀਚਰਜ਼ ਯੂਨੀਅਨ
ਕੇਂਦਰ ਦੀ ਭਾਜਪਾ ਸਰਕਾਰ ਨੇ ਜੋ ਚਾਰ ਲੇਬਰ ਕੋਡ ਲਾਗੂ ਕੀਤੇ ਹਨ, ਉਹ ਸਾਰੇ ਦੇ ਸਾਰੇ ਮਜ਼ਦੂਰ, ਮੁਲਾਜ਼ਮ ਤੇ ਮਿਹਨਤਕਸ਼ ਵਰਗ ਦੇ ਵਿਰੁੱਧ ਹਨ।
Publish Date: Wed, 01 Apr 2026 05:27 PM (IST)
Updated Date: Thu, 02 Apr 2026 04:04 AM (IST)

ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੇ ਆਗੂਆਂ ਗੁਰਪ੍ਰੀਤ ਸਿੰਘ ਮਾੜੀਮੇਘਾ, ਕਾਰਜ ਸਿੰਘ ਕੈਰੋਂ, ਅੰਮ੍ਰਿਤਪਾਲ ਸਿੰਘ ਬਾਕੀਪੁਰ ਤੇ ਬਲਜੀਤ ਸਿੰਘ ਟੌਮ ਦੀ ਅਗਵਾਈ ਹੇਠ ਕਈ ਸਕੂਲਾਂ ’ਚ ਨਵੇਂ ਲਾਗੂ ਕੀਤੇ ਚਾਰਾਂ ਲੇਬਰ ਕੋਡਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਅੰਮ੍ਰਿਤਪਾਲ ਸਿੰਘ ਬਾਕੀਪੁਰ ਤੇ ਬਲਜੀਤ ਸਿੰਘ ਟੌਮ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਜੋ ਚਾਰ ਲੇਬਰ ਕੋਡ ਲਾਗੂ ਕੀਤੇ ਹਨ, ਉਹ ਸਾਰੇ ਦੇ ਸਾਰੇ ਮਜ਼ਦੂਰ, ਮੁਲਾਜ਼ਮ ਤੇ ਮਿਹਨਤਕਸ਼ ਵਰਗ ਦੇ ਵਿਰੁੱਧ ਹਨ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਮਜ਼ਦੂਰਾਂ, ਮੁਲਾਜ਼ਮਾਂ ਦੀ ਕੋਈ ਸੇਵਾ ਸੁਰੱਖਿਆ ਨਹੀਂ ਰਹੇਗੀ। ਉਨ੍ਹਾਂ ਨੂੰ ਜਦੋਂ ਮਰਜ਼ੀ ਨੌਕਰੀ ’ਚੋਂ ਕੱਢ ਸਕਿਆ ਜਾਏਗਾ। ਉਹ ਕੁਝ ਨਹੀਂ ਕਰ ਸਕਣਗੇ। ਇਸੇ ਤਰ੍ਹਾਂ ਇਨ੍ਹਾਂ ਲੇਬਰ ਕੋਡਾਂ ਤਹਿਤ ਕੰਮ ਦਿਨ ਸਮਾਂ 8 ਘੰਟੇ ਦੀ ਬਜਾਏ 12 ਘੰਟੇ ਕੀਤਾ ਜਾ ਸਕਦਾ ਹੈ। ਜੋ ਕਿ ਮਿਹਨਤਕਸ਼ ਲੋਕਾਂ ਦੇ ਲਹੂ ਪੀਣ ਦੇ ਬਰਾਬਰ ਹੈ। ਇਨ੍ਹਾਂ ਲੇਬਰ ਕੋਡਾਂ ਦੇ ਲਾਗੂ ਹੋਣ ਨਾਲ ਸੇਵਾ ਮੁਕਤੀ ਤੋਂ ਬਾਅਦ ਮੁਲਾਜ਼ਮਾਂ, ਮਜ਼ਦੂਰਾਂ ਨੂੰ ਕੋਈ ਖ਼ਾਸ ਰਾਹਤ ਨਹੀਂ ਮਿਲੇਗੀ। ਜਿਸ ਨਾਲ ਉਹ ਆਪਣਾ ਬੁਢਾਪਾ ਚੰਗਾ ਜੀਅ ਸਕਣ। ਇਹ ਲੇਬਰ ਕੋਡ ਸਮੁੱਚੇ ਤੌਰ ’ਤੇ ਕਾਰਪੋਰੇਟ ਜਗਤ ਨੂੰ ਖ਼ੁਸ਼ ਕਰਨ ਲਈ ਬਣਾਏ ਗਏ ਹਨ ਤਾਂ ਕਿ ਉਨ੍ਹਾਂ ਦੀ ਦੌਲਤ ਮਣਾਂ-ਮੂੰਹੀਂ ਵਧਦੀ ਜਾਵੇ। ਇਨ੍ਹਾਂ ਲੇਬਰ ਕੋਡਾਂ ਦੇ ਬਣਨ ਨਾਲ ਹੁਣ ਬੇਰੁਜ਼ਗਾਰੀ ਹੋਰ ਵਧੇਗੀ ਤੇ ਸਾਡੇ ਦੇਸ਼ ਦਾ ਨੌਜਵਾਨ ਵਿਦੇਸ਼ਾਂ ਨੂੰ ਹੋਰ ਭੱਜੇਗਾ। ਇਸ ਮੌਕੇ ਆਗੂਆਂ ਮੰਗ ਕੀਤੀ ਕਿ ਇਹ ਚਾਰੇ ਲੇਬਰ ਕੋਡ ਰੱਦ ਕੀਤੇ ਜਾਣ ਤੇ ਕੰਮ ਦਿਹਾੜੀ ਸਮਾਂ 6 ਘੰਟੇ ਕੀਤਾ ਜਾਵੇ। ਘੱਟੋ-ਘੱਟ ਉਜਰਤ 30 ਹਜ਼ਾਰ ਰੁਪਏ ਮਿੱਥੀ ਜਾਵੇ, ਘੱਟੋ ਘੱਟ ਬੁਢਾਪਾ ਪੈਨਸ਼ਨ 10 ਹਜ਼ਾਰ ਰੁਪਏ ਕੀਤੀ ਜਾਵੇ, ਨੌਜਵਾਨਾਂ ਲਈ ਰੁਜ਼ਗਾਰ ਤੇ ਸਿੱਖਿਆ ਦੀ ਗਾਰੰਟੀ ਹੋਵੇ, ਹਰ ਇਕ ਲਈ ਸਿਹਤ ਸੇਵਾਵਾਂ ਮੁਫ਼ਤ ਹੋਣ। ਆਗੂਆਂ ਇਹ ਵੀ ਕਿਹਾ ਕਿ ਅੱਜ ਇਹ ਰੋਸ ਪ੍ਰਦਰਸ਼ਨ ਕੇਂਦਰੀ ਟਰੇਡ ਯੂਨੀਅਨ ਦੇ ਸਾਂਝੇ ਮੰਚ ਵੱਲੋਂ ਸਾਰੇ ਦੇਸ਼ ’ਚ ਕੀਤੇ ਜਾ ਰਹੇ ਹਨ।