- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੰਨ ਧੰਨ ਬਾਬਾ ਦੀਪ ਸਿੰਘ ਨਾਲ ਸਬੰਧਤ ਇਸ ਇਤਹਾਸਿਕ ਗੁਰਦੁਆਰਾ ਸਾਹਿਬ ਵਿਖ ਹੋਏ ਸਮਾਗਮ ਦੌਰਾਨ ਬਰਸਾਤ ਦੇ ਬਾਵਜੂਦ ਸੰਗਤ ਨੇ ਦੇਰ ਰਾਤ ਤਕ ਹਾਜ਼ਰੀ ਭਰੀ

ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸਾਹਿਬ ਦੇ ਰਚੇਤਾ, ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 463ਵੇਂ ਪ੍ਰਕਾਸ਼ ਸਬੰਧੀ ਹੋਣ ਵਾਲੇ ਦਸ ਰੋਜ਼ਾ ਸਮਾਗਮਾਂ ਦੀ ਲੜੀ ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਖੇ ਹੋਏ ਪਹਿਲੇ ਦਿਨ ਦੇ ਸਮਾਗਮਾਂ ਨਾਲ ਆਰੰਭ ਹੋ ਗਈ ਹੈ। ਧੰਨ ਧੰਨ ਬਾਬਾ ਦੀਪ ਸਿੰਘ ਨਾਲ ਸਬੰਧਤ ਇਸ ਇਤਹਾਸਿਕ ਗੁਰਦੁਆਰਾ ਸਾਹਿਬ ਵਿਖ ਹੋਏ ਸਮਾਗਮ ਦੌਰਾਨ ਬਰਸਾਤ ਦੇ ਬਾਵਜੂਦ ਸੰਗਤ ਨੇ ਦੇਰ ਰਾਤ ਤਕ ਹਾਜ਼ਰੀ ਭਰੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਵੱਲੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦਸ ਰੋਜ਼ਾ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਮੰਗਲਵਾਰ ਨੂੰ ਪਹਿਲੇ ਦਿਨ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਦੇ ਦੀਵਾਨ ਹਾਲ ’ਚ ਗੁਰਮਤਿ ਸਮਾਗਮ ਸਜਾਇਆ ਗਿਆ। ਜਿਸ ’ਚ ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਲਕੀਰ ਸਾਹਿਬ, ਗਿਆਨੀ ਗੁਰਬਚਨ ਸਿੰਘ ਕਲਸੀਆਂ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੋ. ਨਿਸ਼ਾਨ ਸਿੰਘ ਤਰਨਤਾਰਨ ਵਾਲੇ ਅਤੇ ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਸੰਗਤ ਨੂੰ ਕੀਰਤਨ ਤੇ ਕਥਾ ਰਾਹੀਂ ਨਿਹਾਲ ਕੀਤਾ।
ਗੁਰਦੁਆਰਾ ਸ੍ਰੀ ਲਕੀਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਪੱਡਾ ਦੀ ਅਗਵਾਈ ਹੇਠ ਮੈਨੇਜਰ ਬਖਸ਼ੀਸ਼ ਸਿੰਘ, ਮੈਂਬਰ ਕੁਲਦੀਪ ਸਿੰਘ, ਲਖਵਿੰਦਰ ਸਿੰਘ, ਜਗਦੀਸ਼ ਸਿੰਘ, ਅਨੋਖ ਸਿੰਘ ਤੇ ਬਾਬਾ ਦੀਪ ਸਿੰਘ ਜੀ ਨੌਜਵਾਨ ਸੇਵਕ ਸਭਾ ਦੇ ਸਮੂਹ ਮੈਂਬਰਾਂ ਨੇ ਜਿੱਥੇ ਸੰਗਤ ਨੂੰ ਤਹਿ ਦਿਲੋਂ ਜੀ ਆਇਆਂ ਆਖਿਆ, ਉੱਥੇ ਹੀ ਸਮਾਗਮਾਂ ਦੀ ਸਫਲਤਾ ਵਾਸਤੇ ਸ਼ਰਧਾ ਪੂਰਵਕ ਸੇਵਾ ਵੀ ਨਿਭਾਈ। ਇਸ ਮੌਕੇ ਜਿੱਥੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ, ਉੱਥੇ ਹੀ ਸਮਾਗਮ ਦੀ ਸਮਾਪਤੀ ਸਮੇਂ ਆਤਿਸ਼ਬਾਜ਼ੀ ਵੀ ਚਲਾਈ ਗਈ।
======
ਗੁਰਦੁਆਰਾ ਪੁਲਿਸ ਕਾਲੋਨੀ ’ਚ ਅੱਜ ਹੋਣਗੇ ਸਮਾਗਮ
ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਅੱਜ ਇਕ ਅਪ੍ਰੈਲ ਨੂੰ ਅੰਮ੍ਰਿਤਸਰ ਰੋਡ ’ਤੇ ਸਥਿਤ ਗੁਰਦੁਆਰਾ ਪੁਲਿਸ ਕਾਲੋਨੀ ਵਿਖੇ ਦੂਜੇ ਦਿਨ ਦੇ ਸਮਾਗਮ ਹੋਣਗੇ। ਜਿਨ੍ਹਾਂ ’ਚ ਬੀਬੀ ਇੰਦਰਜੀਤ ਕੌਰ ਤਰਨਤਾਰਨ ਵਾਲੇ, ਗਿਆਨੀ ਜੱਜਬੀਰ ਸਿੰਘ ਕਥਾ ਵਾਚਕ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਭਾਈ ਗੁਰਨਾਮ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਗਿਆਨੀ ਜਸਵਿੰਦਰ ਸਿੰਘ ਦਰਦੀ ਕਥਖਾ ਵਾਚਕ ਜਲੰਧਰ ਵਾਲੇ ਤੇ ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਸੰਗਤ ਨੂੰ ਹਰ ਜਸ ਸਰਵਣ ਕਰਵਾ ਕੇ ਨਿਹਾਲ ਕਰਨਗੇ।