ਕਸਬਾ ਅਮਰਕੋਟ ’ਚ ਮੈਡੀਕਲ ਸਟੋਰ ’ਤੇ ਦਿਨ-ਦਿਹਾੜੇ ਫਾਇਰਿੰਗ
ਘਟਨਾ ਦਾ ਪਤਾ ਚੱਲਦਿਆਂ ਹੀ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਤੋਂ ਇਲਾਵਾ ਸਬ-ਡਵੀਜ਼ਨ ’ਚ ਪੈਂਦੇ ਵੱਖ-ਵੱਖ ਥਾਣਿਆਂ ਦੇ ਮੁਖੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ।
Publish Date: Sat, 28 Mar 2026 07:44 PM (IST)
Updated Date: Sun, 29 Mar 2026 04:12 AM (IST)
ਪੰਜਾਬੀ ਜਾਗਰਣ ਟੀਮ, ਅਮਰਕੋਟ : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਅਮਰਕੋਟ ਵਿਖੇ ਸ਼ਨਿਚਰਵਾਰ ਸਵੇਰੇ ਕਰੀਬ ਗਿਆਰਾਂ ਵਜੇ ਦੋ ਨੌਜਵਾਨਾਂ ਨੇ ਇਕ ਮੈਡੀਕਲ ਸਟੋਰ ’ਤੇ ਫਾਇਰਿੰਗ ਕਰ ਦਿੱਤੀ। ਇਸ ਗੋਲ਼ੀਬਾਰੀ ਦੌਰਾਨ ਦੁਕਾਨ ਮਾਲਕ ਦਾ ਲੜਕਾ ਲੱਤ ’ਚ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਜਿਸ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉੱਧਰ ਘਟਨਾ ਦਾ ਪਤਾ ਚੱਲਦਿਆਂ ਹੀ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਤੋਂ ਇਲਾਵਾ ਸਬ-ਡਵੀਜ਼ਨ ’ਚ ਪੈਂਦੇ ਵੱਖ-ਵੱਖ ਥਾਣਿਆਂ ਦੇ ਮੁਖੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ। ਦਿਨ-ਦਿਹਾੜੇ ਵਾਪਰੀ ਉਕਤ ਘਟਨਾ ਨੂੰ ਲੈ ਕੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਮਰਕੋਟ ਦੇ ਰਾਜੋਕੇ ਰੋਡ ’ਤੇ ਸਥਿਤ ਜੱਜ ਮੈਡੀਕਲ ਸਟੋਰ ’ਤੇ ਸਵੇਰੇ ਕਰੀਬ 11 ਵਜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਉਕਤ ਲੋਕਾਂ ਨੇ ਸਟੋਰ ’ਤੇ ਚਾਰ ਫਾਇਰ ਕੀਤੇ। ਜਿਸ ਦੇ ਚੱਲਦਿਆਂ ਇਕ ਗੋਲ਼ੀ ਦੁਕਾਨ ਮਾਲਕ ਜੱਜਪਾਲ ਦੇ ਲੜਕੇ ਸੁਨੀਲ ਅਰੋੜਾ ਦੀ ਲੱਤ ’ਚ ਲੱਗ ਗਈ। ਜਿਸ ਨੂੰ ਤੁਰੰਤ ਭਿੱਖੀਵਿੰਡ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਮਲਾਵਰਾਂ ਨੇ ਪਹਿਲਾਂ ਦੁਕਾਨ ਦੇ ਅੱਗੇ ਚੱਕਰ ਲਾਏ ਤੇ ਫਿਰ ਮੌਕਾ ਵੇਖ ਕੇ ਗੋਲ਼ੀਆਂ ਚਲਾ ਦਿੱਤੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਾਰੀ ਕਾਰਵਾਈ ਦੀ ਨਿਗਰਾਨੀ ਐੱਸਐੱਸਪੀ ਆਪ ਕਰ ਰਹੇ ਹਨ।
ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਵਲਟੋਹਾ ਵਿਖੇ ਜਾਨਲੇਵਾ ਹਮਲਾ ਕਰਨ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮਾਂ ਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਜਲਦ ਫਾਇਰਿੰਗ ਕਰਨ ਵਾਲਿਆਂ ਦੀ ਪਛਾਣ ਕਰ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਕਾਨੂੰਨ ਮੁਤਾਬਿਕ ਸਜ਼ਾ ਵੀ ਦਿਵਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਦਾ ਮਾਮਲਾ ਫਿਰੌਤੀ ਦੀ ਮੰਗ ਨਾਲ ਜੁੜਿਆ ਹੋਇਆ ਹੈ ਤੇ ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ’ਚ ਦਹਿਸ਼ਤ ਦਾ ਮਾਹੌਲ ਹੈ।