ਵੇਲਣਿਆਂ ਤੇ ਗੁੜ੍ਹ ਬਣਾਉਣ ਵਾਲੇ ਕਿਸਾਨ ਗੁੜ੍ਹ ਬਣਾਉਣ ਸਮੇਂ ਕੈਮੀਕਲ ਦੀ ਵਰਤੋਂ ਤੋਂ ਗੁਰੇਜ਼ ਕਰਨ : ਡਾ. ਤੇਜਬੀਰ ਸਿੰਘ
ਜ਼ਿਲ੍ਹੇ ’ਚ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਗੁੜ੍ਹ ਬਣਾਉਣ ਵਾਲੇ ਵੇਲਣਿਆਂ ’ਤੇ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ ਕਿ ਕੈਮੀਕਲਾਂ ਦੀ ਵਰਤੋਂ ਨਾ ਕੀਤੀ ਜਾਵੇ
Publish Date: Mon, 19 Jan 2026 04:52 PM (IST)
Updated Date: Tue, 20 Jan 2026 04:06 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੁੜ੍ਹ ਤੇ ਚੀਨੀ ਦੋਵੇਂ ਗੰਨੇ ਦੇ ਰਸ ਤੋਂ ਬਣਦੇ ਹਨ। ਪਰ ਜਦੋਂ ਚੀਨੀ ਬਣਾਈ ਜਾਂਦੀ ਹੈ ਤਾਂ ਆਇਰਨ, ਪੋਟਾਸ਼ੀਅਮ, ਸਲਫ਼ਰ, ਫਾਸਫੋਰਸ ਤੇ ਕੈਲਸ਼ੀਅਮ ਵਰਗੇ ਤੱਤ ਨਸ਼ਟ ਹੋ ਜਾਂਦੇ ਹਨ, ਪਰ ਗੁੜ੍ਹ ’ਚ ਇਹ ਤੱਤ ਪੂਰੀ ਮਾਤਰਾ ’ਚ ਮੌਜੂਦ ਹੁੰਦੇ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਤੇਜਬੀਰ ਸਿੰਘ ਭੰਗੂ ਨੇ ਕਿਹਾ ਕਿ ਜ਼ਿਲ੍ਹੇ ’ਚ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਗੁੜ੍ਹ ਬਣਾਉਣ ਵਾਲੇ ਵੇਲਣਿਆਂ ’ਤੇ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ ਕਿ ਕੈਮੀਕਲਾਂ ਦੀ ਵਰਤੋਂ ਨਾ ਕੀਤੀ ਜਾਵੇ ਤੇ ਸਫ਼ਾਈ ਦਾ ਖ਼ਾਸ ਖਿਆਲ ਰੱਖਿਆ ਜਾਵੇ। ਖੇਤੀਬਾੜੀ ਅਫ਼ਸਰ ਡਾਕਟਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਨਾਗੋਕੇ ਦੇ ਕਿਸਾਨ ਪ੍ਰੀਤਮ ਸਿੰਘ ਦੀ ਕੁਲਹਾੜੀ ਨੂੰ ਚੈੱਕ ਕਰਨ ਸਮੇਂ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਆਪਣੀ ਟੀਮ ਸਮੇਤ ਗਏ। ਕਿਸਾਨਾਂ ਵੱਲੋਂ ਕਿਸੇ ਵੀ ਤਰੀਕੇ ਦੀ ਗੁੜ੍ਹ ’ਚ ਮਿਲਾਵਟ ਨਹੀਂ ਕੀਤੀ ਜਾਂਦੀ। ਯਾਦਵਿੰਦਰ ਸਿੰਘ ਨੇ ਕਿਸਾਨ ਦੀ ਹੌਸਲਾ ਅਫ਼ਜਾਈ ਕੀਤੀ ਤੇ ਬਾਕੀ ਕਿਸਾਨਾਂ ਨੂੰ ਵੀ ਪ੍ਰੀਤਮ ਸਿੰਘ ਕੋਲੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁੜ੍ਹ ਵਿਟਾਮਿਨ ਏ ਤੇ ਵਿਟਾਮਿਨ ਬੀ ਦਾ ਵਧੀਆ ਸਰੋਤ ਹੈ। ਗੁੜ੍ਹ ਦੇ ਅਜਿਹੇ ਕਈ ਫਾਇਦੇ ਹਨ, ਸਦੀਆਂ ਤੋਂ ਮਿੱਠੇ ਪਕਵਾਨਾਂ ਦਾ ਸਵਾਦ ਵਧਾਉਣ ਵਾਲਾ ਗੁੜ੍ਹ ਹੁਣ ਸੁਪਰਫੂਡ ਦੀ ਸ਼੍ਰੇਣੀ ’ਚ ਆ ਗਿਆ ਹੈ। ਗੁੜ੍ਹ ਦੀ ਵਰਤੋਂ ਨਾ ਸਿਰਫ਼ ਮਿੱਠੇ ਦੀ ਲਾਲਸਾ ਨੂੰ ਸ਼ਾਂਤ ਕਰਨ ਲਈ ਕੀਤੀ ਜਾਂਦੀ ਹੈ, ਸਗੋਂ ਇਸ ਦੇ ਕਈ ਸਿਹਤ ਲਾਭ ਵੀ ਹੁੰਦੇ ਹਨ। ਗੁੜ੍ਹ ਇਕ ਸ਼ਾਨਦਾਰ ਊਰਜਾ ਬੂਸਟਰ ਹੈ, ਜੋ ਮਾਸਪੇਸ਼ੀਆਂ ’ਚ ਤਾਕਤ ਭਰਨ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਗੁੜ੍ਹ ਸੂਪਰ ਫੂਡ ਦੇ ਹੋਰ ਫਾਇਦਿਆਂ ਬਾਰੇ ਦੱਸਿਆ ===== ਗੁੜ੍ਹ ਖਾਣ ਨਾਲ ਅਨੀਮੀਆ ਤੋਂ ਮਿਲਦਾ ਹੈ ਛੁਟਕਾਰਾ ਗੁੜ੍ਹ ਨੂੰ ਆਇਰਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ, ਜੋ ਅਨੀਮੀਆ ਨੂੰ ਘੱਟ ਕਰਨ ’ਚ ਮਦਦ ਕਰ ਸਕਦਾ ਹੈ। 100 ਗ੍ਰਾਮ ਗੁੜ੍ਹ ’ਚ 11 ਮਿਲੀਗ੍ਰਾਮ ਆਇਰਨ ਹੁੰਦਾ ਹੈ। ਆਇਰਨ ਦੀ ਕਮੀ ਹੋਣ ‘ਤੇ ਗੁੜ੍ਹ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਗੁੜ੍ਹ ’ਚ ਪੋਟਾਸ਼ੀਅਮ ਤੇ ਸੋਡੀਅਮ ਹੁੰਦਾ ਹੈ, ਜੋ ਸਰੀਰ ’ਚ ਆਮ ਐਸਿਡ ਦੇ ਪੱਧਰ ਨੂੰ ਬਣਾਏ ਰੱਖਣ ’ਚ ਮਦਦ ਕਰਦਾ ਹੈ। ਐਸਿਡ ਬਣਨਾ ਪੇਟ ਤੇ ਛਾਤੀ ’ਚ ਜਲਣ ਦਾ ਕਾਰਨ ਬਣ ਸਕਦਾ ਹੈ। ਗੁੜ੍ਹ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵੀ ਨਾਰਮਲ ਰਹਿੰਦਾ ਹੈ। ਯਾਦਵਿੰਦਰ ਸਿੰਘ ਨੇ ਦੱਸਿਆ ਕਿ ਗੁੜ੍ਹ ਦੀ ਵਰਤੋਂ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਭੋਜਨ ਤੋਂ ਬਾਅਦ ਗੁੜ੍ਹ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ’ਚ ਮੱਦਦ ਮਿਲਦੀ ਹੈ। ਗੁੜ੍ਹ ’ਚ ਸੁਕਰੋਜ਼ ਹੁੰਦਾ ਹੈ, ਜੋ ਭੋਜਨ ਨੂੰ ਹਜ਼ਮ ਕਰਨ ਤੇ ਕਬਜ਼ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਪਾਚਨ ਤੰਤਰ ਨੂੰ ਵੀ ਸੁਧਾਰਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗੁੜ੍ਹ ਵਧੀਆ ਊਰਜਾ ਦਾ ਸਰੋਤ ਚੀਨੀ ਦੀ ਬਜਾਏ ਗੁੜ੍ਹ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਆਪਣੀ ਸਿਹਤ ਠੀਕ ਰੱਖਣ ਲਈ ਕਈ ਲੋਕ ਗੁੜ੍ਹ ਛੋਲਿਆਂ ਦਾ ਸੇਵਨ ਕਰਦੇ ਹਨ। ਦਰਅਸਲ ਗੁੜ੍ਹ ’ਚ ਐਨਰਜੀ ਬੂਸਟਰ ਕੰਪਾਊਂਡ ਹੁੰਦੇ ਹਨ, ਜੋ ਮਾਸਪੇਸ਼ੀਆਂ ਦੀ ਥਕਾਵਟ ਨੂੰ ਘਟਾਉਂਦੇ ਹਨ ਅਤੇ ਉਨ੍ਹਾਂ ਨੂੰ ਊਰਜਾਵਾਨ ਬਣਾਉਂਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਹਰਦਿਆਲ ਸਿੰਘ, ਪ੍ਰੀਤਮ ਸਿੰਘ, ਹਰਸਿਮਰਤ ਸਿੰਘ, ਸ਼ੁਭਰਾਜ ਸਿੰਘ ਅਤੇ ਹੋਰ ਅਗਾਂਹ ਵਧੂ ਕਿਸਾਨ ਹਾਜ਼ਰ ਸਨ।