ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ 8 ਨੂੰ ਘੇਰੇਗੀ ਕੈਬਨਿਟ ਮੰਤਰੀ ਈਟੀਓ ਦਾ ਘਰ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ 8 ਨੂੰ ਘੇਰੇਗੀ ਕੈਬਨਿਟ ਮੰਤਰੀ ਈਟੀਓ ਦਾ ਘਰ
Publish Date: Thu, 30 Jul 2026 06:29 PM (IST)
Updated Date: Thu, 30 Jul 2026 06:31 PM (IST)
ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹੱਕੀ ਮੰਗਾਂ ਜਲਦ ਪੂਰੀਆਂ ਕਰੇ ਪੱਤਰ ਪ੍ਰੇਰਕ •ਪੰਜਾਬੀ ਜਾਗਰਣ ਤਰਨਤਾਰਨ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ, ਜ਼ਿਲ੍ਹਾ ਤਰਨਤਾਰਨ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜਵੰਤ ਕੌਰ ਪੰਜਵੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਰਾਜਵੰਤ ਕੌਰ ਪੰਜਵੜ ਨੇ ਦੱਸਿਆ ਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ 8 ਅਗਸਤ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਤੇ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਰੋਸ ਪ੍ਰਦਰਸ਼ਨ ਵਿਚ ਜ਼ਿਲ੍ਹੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੀਆਂ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਵਿੱਚੋਂ ਘਟਾਏ ਗਏ ਬੱਚਿਆਂ ਨੂੰ ਮੁੜ ਕੇਂਦਰਾਂ ਵਿਚ ਭੇਜਿਆ ਜਾਵੇ। ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਅਧਿਆਪਕ ਦਾ ਦਰਜਾ ਤੇ ਹੈਲਪਰਾਂ ਨੂੰ ਚੌਥੇ ਦਰਜੇ ਦੇ ਮੁਲਾਜ਼ਮ ਦਾ ਦਰਜਾ ਦੇ ਕੇ ਸਰਕਾਰੀ ਕਰਮਚਾਰੀ ਵਜੋਂ ਮਾਨਤਾ ਦਿੱਤੀ ਜਾਵੇ। ਇਸ ਤੋਂ ਇਲਾਵਾ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਿਕ ਵਰਕਰਾਂ ਅਤੇ ਹੈਲਪਰਾਂ ਦਾ ਮਾਣ-ਭੱਤਾ ਦੁੱਗਣਾ ਕਰੇ। ਉਨ੍ਹਾਂ ਮੰਗ ਕੀਤੀ ਕਿ ਐੱਨਜੀਓ ਰਾਹੀਂ ਚਲਾਏ ਜਾ ਰਹੇ ਤਿੰਨ ਬਲਾਕਾਂ ਦਾ ਨੋਟੀਫਿਕੇਸ਼ਨ ਤੁਰੰਤ ਲਾਗੂ ਕੀਤਾ ਜਾਵੇ। ਆਂਗਣਵਾੜੀ ਕੇਂਦਰਾਂ ਵਿਚ ਭੇਜੇ ਜਾ ਰਹੇ ਘਟੀਆ ਕਿਸਮ ਦੇ ਰਾਸ਼ਨ ਨੂੰ ਬੰਦ ਕਰਕੇ ਪ੍ਰਾਈਵੇਟ ਕੰਪਨੀਆਂ ਅਤੇ ਐੱਨਜੀਓ ਦੀ ਥਾਂ ਸਰਕਾਰ ਵੱਲੋਂ ਸਿੱਧਾ ਰਾਸ਼ਨ ਸਪਲਾਈ ਕੀਤਾ ਜਾਵੇ ਤੇ ਕੇਂਦਰਾਂ ਵਿਚ ਹੀ ਭੋਜਨ ਤਿਆਰ ਕਰਵਾਇਆ ਜਾਵੇ। ਯੂਨੀਅਨ ਨੇ ਇਹ ਵੀ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਰਿਟਾਇਰਮੈਂਟ ਪੈਨਸ਼ਨ ਦਿੱਤੀ ਜਾਵੇ, ਐਕਸ ਗ੍ਰੇਸ਼ੀਆ ਗ੍ਰਾਂਟ ਦੀ ਰਕਮ ਵਰਕਰਾਂ ਲਈ 3 ਲੱਖ ਤੇ ਹੈਲਪਰਾਂ ਲਈ 2 ਲੱਖ ਰੁਪਏ ਕੀਤੀ ਜਾਵੇ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਗ੍ਰੈਚੂਟੀ ਦਾ ਲਾਭ ਦਿੱਤਾ ਜਾਵੇ ਤੇ ਹੈਲਪਰ ਤੋਂ ਵਰਕਰ ਦੀ ਤਰੱਕੀ ਲਈ ਵਿੱਦਿਅਕ ਯੋਗਤਾ ਮੈਟ੍ਰਿਕ ਤੇ ਤਜਰਬੇ ਦੀ ਸ਼ਰਤ ਤਿੰਨ ਸਾਲ ਕੀਤੀ ਜਾਵੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ, ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।