ਸੱਤ ਦਹਾਕੇ ਪੁਰਾਣੀਆਂ ਬਿਜਲੀ ਲਾਈਨਾਂ ਬਣੀਆਂ ਮੁਸੀਬਤ, ਸਭਰਾ ’ਚ ਵਾਰ-ਵਾਰ ਪੈਂਦੇ ‘ਫਾਲਟ’ ਸੱਤ ਦਹਾਕੇ ਪੁਰਾਣੀਆਂ ਬਿਜਲੀ ਲਾਈਨਾਂ ਬਣੀਆਂ ਮੁਸੀਬਤ, ਸਭਰਾ ’ਚ ਵਾਰ-ਵਾਰ ਪੈਂਦੇ ‘ਫਾਲਟ’
Publish Date: Mon, 28 Sep 2026 08:30 PM (IST)
Updated Date: Tue, 29 Sep 2026 04:07 AM (IST)
ਪਿੰਡ ਵਾਸੀਆਂ ਛੱਪੜ ’ਚੋਂ ਲੰਘਦੀਆਂ ਮੇਨ ਲਾਈਨਾਂ ਨੂੰ ਬਾਹਰ ਕੱਢ ਕੇ ਕੇਬਲ ਪਾਉਣ ਦੀ ਕੀਤੀ ਮੰਗ ਸਤਨਾਮ ਸਿੰਘ ਚੀਮਾ, •ਪੰਜਾਬੀ ਜਾਗਰਣ, ਘਰਿਆਲਾ : ਪਿੰਡ ਸਭਰਾ ਵਿਚ ਬਿਜਲੀ ਸਪਲਾਈ ’ਚ ਵਾਰ-ਵਾਰ ਫਾਲਟ ਪੈਣ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੀ ਮੇਨ ਬਿਜਲੀ ਸਪਲਾਈ ਦੀਆਂ ਲਾਈਨਾਂ ਪੀਰ ਬਾਬਾ ਕਾਲੇ ਸ਼ਾਹ ਜੀ ਦੀ ਦਰਗਾਹ ਨੇੜਿਓਂ ਗੁਰਦੁਆਰਾ ਪੱਤੀ ਕਲਾਸਕੀ ਤਕ ਪਾਈਆਂ ਗਈਆਂ ਹਨ। ਪਿੰਡ ਵਾਸੀਆਂ ਅਨੁਸਾਰ ਇਹ ਲਾਈਨਾਂ ਕਰੀਬ 65-70 ਸਾਲ ਪੁਰਾਣੀਆਂ ਹਨ ਅਤੇ ਪਿੰਡ ਵਿਚ ਬਿਜਲੀ ਸਪਲਾਈ ਸ਼ੁਰੂ ਹੋਣ ਸਮੇਂ ਹੀ ਵਿਛਾਈਆਂ ਗਈਆਂ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਸ ਸਮੇਂ ਇਹ ਇਲਾਕਾ ਖਾਲੀ ਪਿਆ ਸੀ, ਪਰ ਹੁਣ ਇਹ ਥਾਂ ਪਿੰਡ ਦੇ ਪੱਧਰ ਤੋਂ ਕਰੀਬ 40 ਫੁੱਟ ਨੀਵੀਂ ਹੋ ਚੁੱਕੀ ਹੈ। ਇਥੇ ਛੱਪੜ ਬਣਿਆ ਹੋਇਆ ਹੈ, ਜਿਸ ਵਿਚ ਪਿੰਡ ਦੇ ਸੀਵਰੇਜ ਦਾ ਪਾਣੀ ਵੀ ਆਉਂਦਾ ਹੈ। ਇਸ ਕਾਰਨ ਬਿਜਲੀ ਦੀਆਂ ਲਾਈਨਾਂ ਅਤੇ ਖੰਭਿਆਂ ਦੇ ਆਲੇ-ਦੁਆਲੇ ਗੰਦਗੀ ਤੇ ਝਾੜੀਆਂ ਫੈਲੀਆਂ ਹੋਈਆਂ ਹਨ। ਪਿੰਡ ਵਾਸੀਆਂ ਅਨੁਸਾਰ ਛੱਪੜ ਵਿਚ ਗੋਹ ਅਤੇ ਸੱਪਾਂ ਸਮੇਤ ਹੋਰ ਜੀਵ-ਜੰਤੂ ਵੀ ਅਕਸਰ ਦਿਖਾਈ ਦਿੰਦੇ ਹਨ। ਅਜਿਹੇ ਹਾਲਾਤ ਵਿਚ ਬਿਜਲੀ ਦੀਆਂ ਲਾਈਨਾਂ ’ਚ ਫਾਲਟ ਪੈਣ ’ਤੇ ਵਿਭਾਗੀ ਕਰਮਚਾਰੀਆਂ ਲਈ ਮੌਕੇ ’ਤੇ ਜਾ ਕੇ ਮੁਰੰਮਤ ਕਰਨਾ ਵੀ ਮੁਸ਼ਕਿਲ ਅਤੇ ਜੋਖ਼ਮ ਭਰਿਆ ਹੋ ਜਾਂਦਾ ਹੈ। ਖ਼ਾਸ ਕਰ ਕੇ ਰਾਤ ਸਮੇਂ ਫਾਲਟ ਠੀਕ ਕਰਨ ਵਿਚ ਹੋਰ ਵੀ ਦਿੱਕਤ ਆਉਂਦੀ ਹੈ। ਵਸਨੀਕਾਂ ਨੇ ਦੱਸਿਆ ਕਿ ਬਿਜਲੀ ਸਪਲਾਈ ਵਿਚ ਵਾਰ-ਵਾਰ ਵਿਘਨ ਪੈਣ ਕਾਰਨ ਕਈ ਵਾਰ ਉਨ੍ਹਾਂ ਨੂੰ ਰਾਤ ਹਨੇਰੇ ਵਿਚ ਗੁਜ਼ਾਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਫਾਲਟ ਦਾ ਪਤਾ ਲੱਗਣ ਦੇ ਬਾਵਜੂਦ ਛੱਪੜ ਵਿਚ ਉਤਰ ਕੇ ਮੁਰੰਮਤ ਕਰਨਾ ਸੁਰੱਖਿਅਤ ਨਹੀਂ ਹੈ। ਇਸ ਕਾਰਨ ਬਿਜਲੀ ਕਰਮਚਾਰੀਆਂ ਦੀ ਸੁਰੱਖਿਆ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਛੱਪੜ ਵਿੱਚੋਂ ਲੰਘ ਰਹੀਆਂ ਮੇਨ ਬਿਜਲੀ ਲਾਈਨਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਂ ’ਤੇ ਕੇਬਲ ਪਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਵਾਰ-ਵਾਰ ਪੈਣ ਵਾਲੇ ਫਾਲਟ ਦੀ ਸਮੱਸਿਆ ਦੂਰ ਹੋਣ ਦੇ ਨਾਲ-ਨਾਲ ਮੁਰੰਮਤ ਕਰਨ ਵਾਲੇ ਕਰਮਚਾਰੀਆਂ ਲਈ ਵੀ ਕੰਮ ਕਰਨਾ ਸੁਰੱਖਿਅਤ ਹੋਵੇਗਾ। ਇਸ ਸਬੰਧੀ ਐਕਸੀਅਨ ਪੱਟੀ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਸਮੱਸਿਆ ਦੇ ਜਲਦ ਹੱਲ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।