ਨਸ਼ੇ ਦੀ ਓਵਰਡੋਜ਼ ਦਾ ਖ਼ਦਸ਼ਾ: ਸ਼ਮਸ਼ਾਨਘਾਟ ਕੋਲੋਂ ਮਿਲੀ ਨੌਜਵਾਨ ਦੀ ਲਾਸ਼, ਮੌਕੇ ਤੋਂ ਸਿਰਿੰਜ ਮਿਲਣ ਨਾਲ ਮਚੀ ਹਲਚਲ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ‘ਚ ਸ਼ਮਸ਼ਾਨਘਾਟ ਨੇੜਿਉਂ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਪਛਾਣ ਪ੍ਰਿੰਸਦੀਪ ਸਿੰਘ ਪੁੱਤਰ ਜਿਉਣ ਸਿੰਘ ਵਾਸੀ ਸਰਾਏ ਅਮਾਨਤ ਖਾਂ ਵਜੋਂ ਹੋਈ। ਮ੍ਰਿਤਕ ਦੇ ਪਿਤਾ ਜਿਊਨ ਸਿੰਘ ਅਨੁਸਾਰ ਉਸਦਾ ਪੁੱਤਰ ਪ੍ਰਿੰਸਦੀਪ ਸਿੰਘ ਉਮਰ 24 ਸਾਲ ਜੋ ਅਣਵਿਆਹਿਆ ਸੀ ਅਤੇ ਮਾੜੀ ਸੰਗਤ ਵਿਚ ਪੈ ਕੇ ਨਸ਼ਾ ਕਰਨ ਦਾ ਆਦੀ ਹੋ ਗਿਆ।
Publish Date: Thu, 23 Jul 2026 12:35 PM (IST)
Updated Date: Thu, 23 Jul 2026 12:36 PM (IST)
ਤੇਜਿੰਦਰ ਸਿੰਘ ਬੱਬੂ, ਪੰਜਾਬੀ ਜਾਗਰਣ, ਝਬਾਲ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ‘ਚ ਸ਼ਮਸ਼ਾਨਘਾਟ ਨੇੜਿਉਂ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਪਛਾਣ ਪ੍ਰਿੰਸਦੀਪ ਸਿੰਘ ਪੁੱਤਰ ਜਿਉਣ ਸਿੰਘ ਵਾਸੀ ਸਰਾਏ ਅਮਾਨਤ ਖਾਂ ਵਜੋਂ ਹੋਈ। ਮ੍ਰਿਤਕ ਦੇ ਪਿਤਾ ਜਿਊਨ ਸਿੰਘ ਅਨੁਸਾਰ ਉਸਦਾ ਪੁੱਤਰ ਪ੍ਰਿੰਸਦੀਪ ਸਿੰਘ ਉਮਰ 24 ਸਾਲ ਜੋ ਅਣਵਿਆਹਿਆ ਸੀ ਅਤੇ ਮਾੜੀ ਸੰਗਤ ਵਿਚ ਪੈ ਕੇ ਨਸ਼ਾ ਕਰਨ ਦਾ ਆਦੀ ਹੋ ਗਿਆ। ਉਨ੍ਹਾਂ ਦੱਸਿਆ ਕਿ ਸਰਾਏ ਅਮਾਨਤ ਖਾਂ ਥਾਣੇ ਦੀ ਪੁਲਿਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਪਿੰਡ ਗੰਡੀਵਿੰਡ ਦੇ ਸ਼ਮਸ਼ਾਨਘਾਟ ਨੇੜੇ ਇਕ ਨੌਜਵਾਨ ਮ੍ਰਿਤਕ ਹਾਲਤ ਵਿਚ ਪਿਆ ਹੈ। ਜਦੋਂ ਪੁਲਿਸ ਨੇ ਜਾ ਕੇ ਵੇਖਿਆ ਤਾਂ ਉਹ ਉਨ੍ਹਾਂ ਦਾ ਪੁੱਤਰ ਨਿਕਲਿਆ। ਜਿਸ ਕੋਲ ਹੀ ਸਰਿੰਜ ਅਤੇ ਸੂੰਈ ਵੀ ਪਈ ਸੀ। ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਉਸ ਨੇ ਨਸ਼ੇ ਦਾ ਟੀਕਾ ਲਾਇਆ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਇਸ ਸਰਹੱਦੀ ਇਲਾਕੇ ਦੇ ਵੱਖ-ਵੱਖ ਸ਼ਮਸ਼ਾਨਘਾਟਾਂ ਤੇ ਹੋਰ ਵੀਰਾਨ ਪਈਆਂ ਥਾਵਾਂ ’ਤੇ ਅਕਸਰ ਹੀ ਨੌਜਵਾਨਾਂ ਨੂੰ ਨਸ਼ੀਲੇ ਟੀਕੇ ਲਾਉਂਦੇ ਦੇਖਿਆ ਜਾ ਸਕਦਾ ਹੈ। ਇਲਾਕੇ ਵਿਚ ਆਮ ਹੀ ਨਸ਼ਾ ਵਿਕ ਰਿਹਾ ਹੈ। ਇਸ ਸਬੰਧੀ ਥਾਣਾ ਮੁਖੀ ਰਮਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।