ਪੈਨਸ਼ਨਰ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ
ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ’ਚ ਪੈਨਸ਼ਨਰਾਂ ਤੇ ਮੁਲਾਜ਼ਮਾਂ ਪ੍ਰਤੀ ਧਾਰੀ ਸਾਜ਼ਿਸ਼ੀ ਚੁੱਪ ਦੀ ਤਿੱਖੀ ਨਿਖੇਧੀ ਕੀਤੀ
Publish Date: Sun, 05 Apr 2026 04:46 PM (IST)
Updated Date: Mon, 06 Apr 2026 04:01 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੈਨਸ਼ਨਰ ਤੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀੲਸ਼ਨ ਤਰਨਤਾਰਨ ਦੀ ਮੀਟਿੰਗ ਅਜੀਤ ਸਿੰਘ ਫ਼ਤਿਹਚੱਕ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਸਕੱਤਰ ਸਵਰਨ ਸਿੰਘ ਖਡੂਰ ਸਾਹਿਬ ਨੇ ਮੀਟਿੰਗ ਲਈ ਆਏ ਪੈਨਸ਼ਨਰਾਂ ਨੂੰ ‘ਜੀ ਆਇਆਂ’ ਆਖਿਆ ਤੇ ਮੀਟਿੰਗ ਦਾ ਏਜੰਡਾ ਦੱਸਿਆ। ਉਨ੍ਹਾਂ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਬੇਰੁਖ਼ੀ ਵਾਲੀ ਨੀਤੀ ਦੀ ਨਿੰਦਿਆ ਕੀਤੀ ਤੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਬੁਲਾਰਿਆਂ ’ਚੋਂ ਸਰਪ੍ਰਸਤ ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰਾ ਤੇ ਜਗਤਾਰ ਸਿੰਘ ਸਰਲੀ, ਤਹਿਸੀਲ ਪ੍ਰਧਾਨ ਧਰਮ ਸਿੰਘ ਖਡੂਰ ਸਾਹਿਬ ਤੇ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੀਂਹ, ਅਰਜਨ ਸਿੰਘ ਆਦਿ ਨੇ ਸਰਕਾਰ ਦੀ ਟਾਲਮਟੋਲ ਤੇ ਸਮਾਂ ਲੰਘਾਉਣ ਵਾਲੀ ਨੀਤੀ ਬਾਰੇ ਤਿੱਖੀ ਪ੍ਰਤੀਕਿਰਿਆ ਦਿੱਤੀ ਤੇ ਦੱਸਿਆ ਕਿ ਬਜ਼ੁਰਗ ਪੈਨਸ਼ਨਰਜ਼ ਆਪਣੀਆਂ ਅਰਸੇ ਤੋਂ ਪੈਂਡਿੰਗ ਮੰਗਾਂ ਵਿਸ਼ੇਸ਼ ਕਰ ਕੇ ਬਕਾਏ ਤੇ ਪੈਂਡਿੰਗ ਮਹਿੰਗਾਈ ਭੱਤਾ ਫ਼ੀਸਦੀ ਉੱਚ ਅਧਿਕਾਰੀਆਂ ਨਾਲੋ ਘੱਟ ਮਿਲਣ ਕਾਰਨ ਖਫ਼ਾ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ’ਚ ਪੈਨਸ਼ਨਰਾਂ ਤੇ ਮੁਲਾਜ਼ਮਾਂ ਪ੍ਰਤੀ ਧਾਰੀ ਸਾਜ਼ਿਸ਼ੀ ਚੁੱਪ ਦੀ ਤਿੱਖੀ ਨਿਖੇਧੀ ਕੀਤੀ ਤੇ ਬਜਟ ਸਿਰਫ਼ ਤੇ ਸਿਰਫ਼ ਖਾਲੀ ਪੀਪਾ ਦੱਸਿਆ। ਕਿਉਂਕਿ ਇਸ ਬਜਟ ’ਚ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਦੇਣ ਲਈ ਕੁਝ ਵੀ ਨਹੀਂ ਰੱਖਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਅਦਾਲਤ ਦੀ ਹਦਾਇਤ ਤਹਿਤ ਉਨ੍ਹਾਂ ਦੇ ਬਕਾਏ ਆਦਿ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਮੀਟਿੰਗ ਦੇ ਅਖੀਰ ’ਚ ਪ੍ਰਧਾਨ ਅਜੀਤ ਸਿੰਘ ਫ਼ਤਿਹਚੱਕ ਨੇ ਮੀਟਿੰਗ ਲਈ ਆਏ ਪੈਨਸ਼ਨਰਜ਼ ਦਾ ਸਵਾਗਤ ਤੇ ਧੰਨਵਾਦ ਕੀਤਾ। ਪਹਿਲਾਂ ਉਨ੍ਹਾਂ ਪੈਨਸ਼ਨਰਜ਼ ਕਨਫੈੱਡਰੇਸ਼ਨ ਦੀ ਸਟੇਟ ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਕੀਤੀ ਤੇ ਅਗਲੇ ਸੰਭਾਵੀ ਸੰਘਰਸ਼ਾਂ ਲਈ ਤਤਪਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਤਹਿਸੀਲ ਇਕਾਈ ਪੱਟੀ ਦੇ ਪ੍ਰਧਾਨ ਜੋਧਬੀਰ ਸ਼ਰਮਾ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਤੇ ਜ਼ੋਰ ਦੇ ਕੇ ਦੁਹਰਾਇਆ ਕਿ ਪੰਜਾਬ ਸਰਕਾਰ ਮਾਣਯੋਗ ਅਦਾਲਤ ਦੇ ਆਦੇਸ਼ ’ਤੇ ਤੁਰੰਤ ਅਮਲ ਕਰੇ। ਪੈਂਡਿੰਗ 16 ਫ਼ੀਸਦੀ ਮਹਿੰਗਾਈ ਭੱਤਾ ਦੇਣ ਦਾ ਨੋਟੀਫਿਕੇਸ਼ਨ ਕਰ ਕੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮੌਜੂਦਾ 42 ਫ਼ੀਸਦੀ ਦੀ ਥਾਂ ਕੇਂਦਰੀ ਮੁਲਾਜ਼ਮਾਂ ਤੇ ਪੰਜਾਬ ਦੇ ਆਈਏਐੱਸ ਤੇ ਆਈਪੀਐੱਸ ਆਦਿ ਉੱਚ ਅਧਿਕਾਰੀਆਂ ਦੇ ਬਰਾਬਰ 58 ਫ਼ੀਸਦੀ ਮਹਿੰਗਾਈ ਭੱਤਾ ਸਮੇਤ ਸਾਰੇ ਬਕਾਏ ਯਕਮੁਸ਼ਤ ਅਦਾ ਕਰੇ। ਇਹ ਸਭ ਪੈਨਸ਼ਨਰਜ਼ ਦੀ ਪੁਰਜ਼ੋਰ ਅਪੀਲ ਤੇ ਮੁੱਖ ਮੰਗ ਹੈ। ਨਾਲ ਹੀ ਪੰਜਾਬ ਸਰਕਾਰ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਪੈਨਸ਼ਨਰਾਂ ਨੂੰ ਰਿਵਾਈਜ਼ ਪੈਨਸ਼ਨ ਲਈ 2.59 ਦਾ ਗੁਣਾਂਕ ਦਾ ਲਾਭ ਲਾਗੂ ਕਰੇ ਤੇ ਚੋਣ ਵਾਅਦੇ ਅਨੁਸਾਰ ਪੁਰਾਣੀ ਪੈਂਨਸ਼ਨ ਬਹਾਲ ਕਰ ਕੇ, ਮੈਡੀਕਲ ਭੱਤਾ 2000/- ਰੁਪਏ ਕਰਨ, ਕੈਸ਼ ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰੇ। ਉਨ੍ਹਾਂ ਪੰਜਾਬ ਸਰਕਾਰ ਦੇ 10 ਲੱਖ ਰੁਪਏ ਤਕ ਦੇ ਮੁਫ਼ਤ ਇਲਾਜ ਲਈ ਜਾਰੀ ਸਕੀਮ ਨੂੰ ਅਣਉੱਚਿਤ ਦੱਸਿਆ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਪ੍ਰਾਈਵੇਟ ਹਸਪਤਾਲ ਵਾਲੇ ਇਸ ਨੂੰ ਕੁਝ ਨਹੀਂ ਸਮਝਦੇ ਤੇ ਮੁਫ਼ਤ ਇਲਾਜ ਕਰਨ ਤੋਂ ਸਾਫ ਇਨਕਾਰ ਕਰ ਰਹੇ ਹਨ। ਮੀਟਿੰਗ ’ਚ ਸ਼ਾਮਿਲ ਪੈਨਸ਼ਨਰ ਆਗੂਆਂ ’ਚ ਕੁਲਦੀਪ ਸਿੰਘ, ਸੁਰਿੰਦਰ ਸਿੰਘ, ਹਰਸੁਖਦੇਵ ਸਿੰਘ, ਕੁਲਵੰਤ ਸਿੰਘ, ਪ੍ਰਿਤਪਾਲ ਸਿੰਘ, ਚਰਨਜੀਤ ਸਿੰਘ, ਲਾਲ ਸਿੰਘ ਤੇ ਹਰਜੀਤ ਸਿੰਘ ਵਿਰਕ, ਰਕੇਸ਼ ਕੁਮਾਰ ਸ਼ਰਮਾ, ਦਲੀਪ ਕੁਮਾਰ, ਕਰਨ ਸਿੰਘ, ਰਸ਼ਪਾਲ ਸਿੰਘ ਰੰਧਾਵਾ, ਅਜੀਤ ਰਾਏ, ਬਲਰਾਮ ਕੁਮਾਰ, ਪ੍ਰਿਥੀਪਾਲ ਸਿੰਘ, ਪ੍ਰੇਮ ਪ੍ਰਕਾਸ਼, ਦਲਬੀਰ ਸਿੰਘ, ਜਸਬੀਰ ਸਿੰਘ, ਲਖਬੀਰ ਸਿੰਘ, ਮੋਤਾ ਸਿੰਘ, ਸਰਦਾਰਾ ਸਿੰਘ, ਪ੍ਰਵੀਨ ਕੁਮਾਰ, ਸਰਵਨਜੀਤ ਸਿੰਘ, ਗੁਰਮੁੱਖ ਸਿੰਘ, ਸਰੂਪ ਸਿੰਘ, ਹਰਭਜਨ ਸਿੰਘ, ਮਹਿੰਦਰ ਕੌਰ, ਹਰਿੰਦਰ ਕੌਰ ਆਦਿ ਨੇ ਉਤਸ਼ਾਹ ਨਾਲ ਭਾਗ ਲਿਆ।