ਪੁਲਿਸ ਨੇ ਪੰਜ ਲੋਕਾਂ ਖ਼ਿਲਾਫ਼ ਦਰਜ ਕੀਤਾ ਕੇਸ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਨੂੰ ਕਤਲ ਕਰਨ ਦਾ ਮਾਮਲਾ
Publish Date: Tue, 06 Oct 2026 06:48 PM (IST)
Updated Date: Tue, 06 Oct 2026 06:50 PM (IST)
ਫਲੈਗ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਨੂੰ ਕਤਲ ਕਰਨ ਦਾ ਮਾਮਲਾ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਝਬਾਲ : ਕਸਬਾ ਝਬਾਲ ਦੇ ਨਜ਼ਦੀਕੀ ਪਿੰਡ ਪੰਜਵੜ੍ਹ ਖੁਰਦ ’ਚ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਤੇ ਉਸ ਦੇ ਪਿਤਾ ਨੂੰ ਗੰਭੀਰ ਜਖਮੀ ਕਰਨ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਥਾਣਾ ਝਬਾਲ ਦੀ ਪੁਲਿਸ ਨੇ ਪੰਜ ਲੋਕਾਂ ਖ਼ਿਲਾਫ਼ ਕਤਲ, ਕਾਤਲਾਨਾ ਹਮਲਾ ਕਰਨ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਦੋਂਕਿ ਹਾਲੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਕੁਲਵੰਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਪੰਜਵੜ੍ਹ ਖੁਰਦ ਨੇ ਉਕਤ ਘਟਨਾ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਐਤਵਾਰ ਦੀ ਰਾਤ ਕਰੀਬ ਸਾਢੇ 8 ਵਜੇ ਕੁਲਵੰਤ ਸਿੰਘ ਅਤੇ ਬਾਊ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਮਲੀਆ, ਮੁਕੱਦਰ ਸਿੰਘ ਪੁੱਤਰ ਕੁੰਦਣ ਸਿੰਘ, ਮੋਹਿਤ ਪੁੱਤਰ ਮੁਕੱਦਰ ਸਿੰਘ, ਵਾਸੀ ਤਰਨਤਾਰਨ ਅਤੇ ਦਿਲਬਾਗ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੋਟ ਜਸਪਤ ਉਨ੍ਹਾਂ ਦੇ ਘਰ ਆਏ ਅਤੇ ਉਸ ਦੇ ਲੜਕੇ ਅੰਮ੍ਰਿਤਪਾਲ ਸਿੰਘ ਨਾਲ ਲੜਾਈ-ਝਗੜਾ ਕਰਨ ਲੱਗ ਪਏ। ਇਸੇ ਦੌਰਾਨ ਮੁਕੱਦਰ ਸਿੰਘ ਨੇ ਪਿਸਤੌਲ ਨਾਲ ਉਸ ਦੇ ਲੜਕੇ ਨੂੰ ਗੋਲ਼ੀ ਮਾਰ ਦਿੱਤੀ ਅਤੇ ਜਦੋਂ ਉਸ ਦਾ ਪਤੀ ਕਸ਼ਮੀਰ ਸਿੰਘ ਬਚਾਅ ਲਈ ਅੱਗੇ ਹੋਇਆ ਤਾਂ ਉਸ ਨੇ ਇਕ ਗੋਲ਼ੀ ਉਸ ਨੂੰ ਵੀ ਮਾਰ ਦਿੱਤੀ। ਦੋਵਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਲੜਕੇ ਅੰਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ ਅਤੇ ਕਸ਼ਮੀਰ ਸਿੰਘ ਜੇਰੇ ਇਲਾਜ ਹੈ। ਉੱਧਰ ਡੀਐੱਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਕੁਲਵੰਤ ਕੌਰ ਦੇ ਬਿਆਨਾਂ ’ਤੇ ਉਕਤ ਸਾਰੇ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਥਾਣਾ ਮੁਖੀ ਸਬ-ਇੰਸਪੈਕਟਰ ਜੁਗਰਾਜ ਸਿੰਘ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।