ਲੁੱਟ-ਖੋਹ ਦੀ ਵਾਰਦਾਤ ਦੌਰਾਨ ਕਤਲ ਕਰਨ ਵਾਲਾ ਲੁਟੇਰਾ ਗ੍ਰਿਫ਼ਤਾਰ
ਲੁੱਟ ਖੋਹ ਦੀ ਵਾਰਦਾਤ ਦੌਰਾਨ ਕਤਲ ਕਰਨ ਵਾਲੇ ਇਕ ਲੁਟੇਰੇ ਨੂੰ ਪੁਲਿਸ ਨੇ ਕੀਤਾ ਕਾਬੂ
Publish Date: Thu, 26 Mar 2026 07:58 PM (IST)
Updated Date: Fri, 27 Mar 2026 04:11 AM (IST)

70 ਸੀਸੀਟੀਵੀ ਕੈਮਰਿਆਂ ਦੀ ਕੀਤੀ ਜਾਂਚ, ਲੁੱਟ ਵਿੱਚੋਂ 5500 ਦੀ ਨਕਦੀ ਬਰਾਮਦ, ਪਤੀ-ਪਤਨੀ ਉੱਪਰ ਕਿਰਚ ਨਾਲ ਹਮਲਾ ਕਰਕੇ ਦੋ ਲੁਟੇਰਿਆਂ ਲੁੱਟੇ ਸੀ 50 ਹਜ਼ਾਰ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਦੇਹਰ ਸਾਹਿਬ ਕੋਲ 17 ਮਾਰਚ ਨੂੰ ਪਤਨੀ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਵਿਅਕਤੀ ਕੋਲੋਂ 50 ਹਜਾਰ ਦੀ ਨਕਦੀ ਲੁੱਟਣ ਅਤੇ ਦੋਵਾਂ ਉੱਪਰ ਕਿਰਚਾਂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਸ਼ਾਮਲ ਇਕ ਲੁਟੇਰੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਦੋਂਕਿ ਉਸਦਾ ਇਕ ਹੋਰ ਸਾਥੀ ਅਜੇ ਵੀ ਫਰਾਰ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਲੁਟੇਰੇ ਤਕ ਪਹੁੰਚਣ ਲਈ 70 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਘਾਲੀ। ਜਦੋਂਕਿ ਕਾਬੂ ਕੀਤੇ ਲੁਟੇਰੇ ਕੋਲੋਂ ਲੁੱਟੀ ਰਾਸ਼ੀ ’ਚੋਂ 5500 ਰੁਪਏ ਦੀ ਨਕਦੀ ਵੀ ਬਰਾਮਦ ਕਰ ਲਈ ਗਈ ਹੈ। ਦੱਸ ਦਈਏ ਕਿ ਇਸ ਘਟਨਾ ਦੌਰਾਨ ਮੋਟਰਸਾਈਕਲ ਵਿਅਕਤੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ ਅਤੇ ਉਸਦੀ ਪਤਨੀ ਗੰਭੀਰ ਰੂਪ ਵਿਚ ਜਖਮੀ ਹੋ ਗਈ ਸੀ, ਜਿਸ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿਹਰਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਦਦੇਹਰ ਸਾਹਿਬ ਆਪਣੀ ਪਤਨੀ ਰਣਜੀਤ ਕੌਰ ਦੇ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਦਦੇਹਰ ਸਾਹਿਬ ਤੋਂ ਸਰਹਾਲੀ ਵੱਲ ਜਾ ਰਿਹਾ ਸੀ। ਦੁਪਹਿਰ ਕਰੀਬ ਡੇਢ ਵਜੇ ਜਦੋਂ ਉਹ ਪਿੰਡ ਵਾਲੇ ਰੋਡ ’ਤੇ ਹੀ ਸਨ ਤਾਂ ਪਿੱਛੋਂ ਇਕ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ। ਜਿਨ੍ਹਾਂ ਨੇ ਹਰਜਿੰਦਰ ਸਿੰਘ ਨੂੰ ਮੋਟਰਸਾਈਕਲ ਰੋਕਣ ਲਈ ਕਿਹਾ। ਜਦੋਂ ਉਹ ਨਾ ਰੁਕਿਆ ਤਾਂ ਲੁਟੇਰਿਆਂ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਲੱਤ ਮਾਰ ਦਿੱਤੀ। ਜਿਸਦੇ ਚੱਲਦਿਆਂ ਉਹ ਇਕ ਰੁੱਖ ਵਿਚ ਜਾ ਵੱਜੇ ’ਤੇ ਡਿੱਗ ਪਏ। ਨਕਾਬਪੋਸ਼ ਲੁਟੇਰਿਆਂ ਵਿੱਚੋਂ ਇਕ ਨੇ ਹਰਜਿੰਦਰ ਸਿੰਘ ਅਤੇ ਉਸਦੀ ਪਤਨੀ ਰਣਜੀਤ ਸਿੰਘ ਨੂੰ ਕਿਰਚਾਂ ਮਾਰ ਕੇ ਜਖਮੀ ਕਰ ਦਿੱਤਾ ਅਤੇ 50 ਹਜਾਰ ਦੀ ਨਕਦੀ ਖੋਹ ਕੇ ਸਰਹਾਲੀ ਵੱਲ ਨੂੰ ਫਰਾਰ ਹੋ ਗਏ। ਇਸ ਹਮਲੇ ਦੌਰਾਨ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਰਣਜੀਤ ਕੌਰ ਨੂੰ ਇਲਾਜ ਲਈ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਥਾਣਾ ਸਰਹਾਲੀ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਰਣਜੀਤ ਕੌਰ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਸੀ। ਵੀਰਵਾਰ ਨੂੰ ਪ੍ਰੈੱਸ ਵਾਰਤਾ ਦੌਰਾਨ ਐੱਸਪੀ ਇਨਵੈਸਟੀਗੇਸ਼ਨ ਰਿਪੂਤਪਨ ਸਿੰਘ ਨੇ ਦੱਸਿਆ ਕਿ ਮਨੁੱਖੀ ਸਰੋਤਾਂ ਤੇ ਤਕਨੀਕੀ ਇੰਟੈਲੀਜੈਂਸੀ ਰਾਹੀਂ ਲੁੱਟ ਕਰਨ ਵਾਲਿਆਂ ਦੀ ਪਛਾਣ ਦਵਿੰਦਰ ਸਿੰਘ ਕਾਲੂ ਪੁੱਤਰ ਸਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸਰਵਨ ਸਿੰਘ ਵਾਸੀ ਚੋਹਲਾ ਸਾਹਿਬ ਵਜੋਂ ਹੋਈ। ਉਨ੍ਹਾਂ ਦੱਸਿਆ ਕਿ 70 ਦੇ ਕਰੀਬ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਗਿਆ ਅਤੇ ਦਵਿੰਦਰ ਸਿੰਘ ਕਾਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦਵਿੰਦਰ ਸਿੰਘ ਵਾਰਦਾਤ ਸਮੇਂ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ। ਜਿਸ ਕੋਲੋਂ ਲੁੱਟੀ ਰਾਸ਼ੀ ’ਚੋਂ 5500 ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਜਦੋਂਕਿ ਗੁਰਪ੍ਰੀਤ ਸਿੰਘ ਗੋਪੀ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।