ਪ੍ਰਿੰਸ ਰਾਜ ਦੀ ਮਾਂ ਨੇ ਕਿਹਾ ਬਦਨਾਮ ਨਾ ਕਰੋ ਮੇਰਾ ਬੱਚਾ
ਸਹਿਪਾਠਣ ਨੂੰ ਗੋਲੀ ਮਾਰਨ ਵਾਲੇ ਪ੍ਰਿੰਸਰਾਜ ਦੀ ਮਾਂ ਨੇ ਕਿਹਾ ਬਦਨਾਮ ਕਰੋ ਮੇਰਾ ਬੱਚਾ
Publish Date: Thu, 12 Feb 2026 08:53 PM (IST)
Updated Date: Fri, 13 Feb 2026 04:15 AM (IST)

ਪੜ੍ਹਾਈ ’ਚ ਹੁਸ਼ਿਆਰ ਪ੍ਰਿੰਸ, ਇੰਨਾ ਵੱਡਾ ਕਦਮ ਕਿਸ ਤਰ੍ਹਾਂ ਚੁੱਕ ਗਿਆ, ਸਮਝ ਤੋਂ ਬਾਹਰ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਲਾਅ ਕਾਲਜ਼ ’ਚ ਕਾਨੂੰਨ ਦੀ ਪੜ੍ਹਾਈ ਕਰਦੇ ਨੌਜਵਾਨ ਵੱਲੋਂ ਸਹਿਪਾਠਣ ਨੂੰ ਗੋਲੀ ਮਾਰ ਕੇ ਕਤਲ ਕਰਨ ਉਪਰੰਤ ਆਪਣੇ ਗੋਲੀ ਮਾਰ ਲੈਣ ਵਾਲੇ ਨੌਜਵਾਨ ਦੀ ਲੰਘੀ ਰਾਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਮੌਤ ਹੋ ਗਈ ਹੈ। ਉਥੇ ਹੀ ਪ੍ਰਿੰਸਰਾਜ ਸਿੰਘ ਨਾਂ ਦੇ ਉਕਤ ਨੌਜਵਾਨ ਦੀ ਮਾਤਾ ਵੀ ਮੀਡੀਆ ਦੇ ਸਾਹਮਣੇ ਆਈ ਹੈ, ਜਿਸ ਨੇ ਸਪਸ਼ਟ ਕੀਤਾ ਕਿ ਉਸਦਾ ਲੜਕਾ ਅਜਿਹਾ ਨਹੀਂ ਸੀ, ਜਿਨ੍ਹਾਂ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜਦੋਂਕਿ ਪੜ੍ਹਾਈ ਕਰਕੇ ਜੱਜ ਬਣਨ ਦਾ ਸੁਪਨਾ ਵੇਖਣ ਵਾਲੇ ਉਸਦੇ ਲੜਕੇ ਦੇ ਦਿਮਾਗ ’ਤੇ ਕਿਸਨੇ ਅਜਿਹਾ ਪਰਦਾ ਪਾਇਆ ਕਿ ਉਹ ਇੰਨਾ ਵੱਡਾ ਕਦਮ ਚੁੱਕ ਬੈਠਾ। ਪ੍ਰਿੰਸਰਾਜ ਸਿੰਘ ਦੀ ਮਾਤਾ ਹਰਜੀਤ ਕੌਰ ਨੇ ਮੀਡੀਆ ਅੱਗੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਉਸਦਾ ਲੜਕਾ ਕੇਵਲ 6 ਮਹੀਨੇ ਪਹਿਲਾਂ ਹੀ ਲਾਅ ਕਾਲਜ ਵਿਚ ਦਾਖਲ ਹੋਇਆ ਸੀ। ਇਸ ਤੋਂ ਪਹਿਲਾਂ ਉਸਨੇ ਗੋਇੰਦਵਾਲ ਸਾਹਿਬ ਅਤੇ ਤਰਨਤਾਰਨ ਦੇ ਚੰਗੇ ਸਕੂਲ ਤੋਂ ਵਿੱਦਿਆ ਹਾਸਲ ਕੀਤੀ ਸੀ। ਹਰਜੀਤ ਕੌਰ ਨੇ ਕਿਹਾ ਕਿ ਪੜਾਈ ਵਿਚ ਅੱਵਲ ਦਰਜੇ ਦਾ ਹੁਸ਼ਿਆਰ ਪ੍ਰਿੰਸਰਾਜ ਕਿਸੇ ਲੜਕੀ ਵੱਲ ਅੱਖ ਤੱਕ ਚੁੱਕ ਕੇ ਨਹੀਂ ਸੀ ਵੇਖਦਾ। ਆਖਿਰ ਕਾਲਜ ਵਿਚ ਅਜਿਹਾ ਕੀ ਹੋ ਗਿਆ ਕਿ ਉਹ ਆਪਣੀ ਜਾਨ ਦਾਅ ’ਤੇ ਲਗਾ ਗਿਆ। ਉਸਨੇ ਕਿਹਾ ਕਿ ਹਰ ਰੋਜ ਮੇਰੇ ਪੈਰਾਂ ਨੂੰ ਹੱਥ ਲਗਾ ਕੇ ਕਾਲਜ ਜਾਣ ਵਾਲਾ ਉਸਦਾ ਇਕਲੌਤਾ ਪੁੱਤਰ ਸੋਮਵਾਰ ਨੂੰ ਵੀ ਸਵੇਰ ਉਸ ਨੂੰ ਮਿਲ ਕੇ ਕਾਲਜ਼ ਗਿਆ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਪੁੱਤਰ ਨੂੰ ਉਹ ਗਲੇ ਲਗਾ ਕੇ ਪੜਾਈ ਲਈ ਕਾਲਜ ਭੇਜ ਰਹੀ ਹੈ, ਉਹ ਕਦੇ ਵਾਪਸ ਨਹੀਂ ਪਰਤੇਗਾ। ਹਰਜੀਤ ਕੌਰ ਨੇ ਕਿਹਾ ਕਿ ਮੇਰੀ ਧੀ ਬਹੁਤ ਛੋਟੀ ਹੈ, ਉਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸਦੇ ਭਰਾ ਨਾਲ ਕੀ ਭਾਣਾ ਵਾਪਰ ਗਿਆ ਹੈ। ਪ੍ਰਿੰਸਰਾਜ ਦੀ ਮਾਂ ਨੇ ਕਿਹਾ ਕਿ ਇਕ ਤਾਂ ਉਸਦੇ ਘਰ ਦਾ ਇਕਲੌਤਾ ਚਿਰਾਗ ਬੁੱਝ ਗਿਆ, ਉਲਟਾ ਉਸਦੇ ਬੱਚੇ ਨੂੰ ਬੇਲੋੜਾ ਬਦਨਾਮ ਕੀਤਾ ਜਾ ਰਿਹਾ ਹੈ। ਜਦੋਂਕਿ ਬੱਚਾ ਕਿਸ ਸੁਭਾਅ ਦਾ ਮਾਲਕ ਹੈ, ਉਹ ਸਕੂਲ ਦੇ ਅਧਿਆਪਕ ਬੇਹਤਰ ਜਾਣਦੇ ਹੁੰਦੇ ਹਨ ਅਤੇ ਉਸਦਾ ਲੜਕਾ ਵੀ ਚੰਗੇ ਸੁਭਾਅ ਦਾ ਮਾਲਕ ਸੀ। ਦੱਸ ਦਈਏ ਕਿ ਤਰਨਤਾਰਨ ਦੇ ਨਿੱਜੀ ਲਾਅ ਕਾਲਜ ਵਿਚ ਸੋਮਵਾਰ ਸਵੇਰੇ ਕਰੀਬ ਸਵਾ 9 ਵਜੇ ਪ੍ਰਿੰਸਰਾਜ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੱਡ ਮੱਲੀਆ ਨੇ ਆਪਣੀ ਸਹਿਪਾਠਣ ਸੰਦੀਪ ਕੌਰ ਦੇ ਸਿਰ ਵਿਚ ਗੋਲੀ ਮਾਰ ਕੇ ਦੋ ਸਕਿੰਟਾਂ ਬਾਅਦ ਆਪਣੇ ਸਿਰ ਵਿਚ ਵੀ ਗੋਲੀ ਮਾਰ ਲਈ ਸੀ। ਸੰਦੀਪ ਕੌਰ ਨੇ ਜਿਥੇ ਮੌਕੇ ’ਤੇ ਦਮ ਤੋੜ ਦਿੱਤਾ ਸੀ। ਉਥੇ ਹੀ ਪ੍ਰਿੰਸਰਾਜ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੀਯੂ ਵਿਚ ਦਾਖਲ ਕੀਤਾ ਗਿਆ ਸੀ। ਜਿਥੇ ਉਹ ਬੁੱਧਵਾਰ ਰਾਤ ਜਿੰਦਗੀ ਦੀ ਲੜਾਈ ਹਾਰ ਗਿਆ। ਵੀਰਵਾਰ ਨੂੰ ਉਸਦਾ ਅੰਤਿਮ ਸਸਕਾਰ ਜਿਥੇ ਜੱਦੀ ਪਿੰਡ ਲੁਹਾਰ ਵਿਚ ਕੀਤਾ ਗਿਆ। ਉਥੇ ਹੀ ਸੰਦੀਪ ਕੌਰ ਦਾ ਸਸਕਾਰ ਬੁੱਧਵਾਰ ਨੂੰ ਪਿੰਡ ਨੌਸ਼ਹਿਰਾ ਪਨੂੰਆਂ ਵਿਖੇ ਕੀਤਾ ਗਿਆ ਸੀ।