ਝੋਨੇ ਦੀ ਫ਼ਸਲ 'ਚ ਗਾਂ ਵੜਨ 'ਤੇ ਬਵਾਲ: ਮਾਂ-ਪੁੱਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ
ਦੂਜੇ ਪਾਸੇ, ਥਾਣਾ ਸਰਹਾਲੀ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਜਸਬੀਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਠੱਠੀਆਂ ਮਹੰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਬੀਰਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਠੱਠੀਆਂ ਮਹੰਤਾਂ ਨੇ ਪੰਚਾਇਤੀ ਜ਼ਮੀਨ ਠੇਕੇ ’ਤੇ ਲਈ ਹੋਈ ਹੈ, ਜਿਸ ’ਚ ਉਸ ਵੱਲੋਂ ਝੋਨੇ ਦੀ ਫਸਲ ਬੀਜੀ ਹੈ।
Publish Date: Sun, 06 Sep 2026 12:50 PM (IST)
Updated Date: Sun, 06 Sep 2026 12:53 PM (IST)
ਲਵਦੀਪ ਦੇਵਗਨ, ਪੰਜਾਬੀ ਜਾਗਰਣ, ਸਰਹਾਲੀ ਕਲਾਂ। ਸਥਾਨਕ ਪਿੰਡ ਠੱਠੀਆਂ ਮਹੰਤਾਂ ਵਿਖੇ ਝੋਨੇ ਦੀ ਫ਼ਸਲ ’ਚ ਗਾਂ ਵੜਨ ਕਾਰਨ ਪੈਦਾ ਹੋਏ ਵਿਵਾਦ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਇਕ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਦੂਜੇ ਦੇ ਘਰ ਜਾ ਕੇ ਮਾਂ-ਪੁੱਤ ਨਾਲ ਕੁੱਟਮਾਰ ਕਰਦਿਆਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਉਨ੍ਹਾਂ ਨੂੰ ਇਲਾਜ ਲਈ ਕੈਰੋਂ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਦੂਜੇ ਪਾਸੇ, ਥਾਣਾ ਸਰਹਾਲੀ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਜਸਬੀਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਠੱਠੀਆਂ ਮਹੰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਬੀਰਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਠੱਠੀਆਂ ਮਹੰਤਾਂ ਨੇ ਪੰਚਾਇਤੀ ਜ਼ਮੀਨ ਠੇਕੇ ’ਤੇ ਲਈ ਹੋਈ ਹੈ, ਜਿਸ ’ਚ ਉਸ ਵੱਲੋਂ ਝੋਨੇ ਦੀ ਫਸਲ ਬੀਜੀ ਹੈ।
ਸ਼ਿਕਾਇਤਕਰਤਾ ਅਨੁਸਾਰ ਉਹ ਘਰ ’ਚ ਦੁੱਧ ਲਈ ਦੁਧਾਰੂ ਪਸ਼ੂ ਰੱਖਦੀ ਹੈ। ਉਸ ਨੇ ਦੱਸਿਆ ਕਿ ਉਹ ਗਾਂ ਨੂੰ ਪਾਣੀ ਪਿਲਾ ਰਹੀ ਸੀ ਕਿ ਗਾਂ ਅਚਾਨਕ ਡਰ ਕੇ ਉਸ ਦੇ ਹੱਥੋਂ ਛੁੱਟ ਗਈ ਅਤੇ ਬੀਰਾ ਸਿੰਘ ਦੇ ਝੋਨੇ ਵਾਲੇ ਖੇਤ ’ਚ ਜਾ ਵੜੀ, ਜਿਸ ਕਾਰਨ ਫਸਲ ਦਾ ਕੁਝ ਨੁਕਸਾਨ ਹੋ ਗਿਆ।
ਸ਼ਿਕਾਇਤਕਰਤਾ ਮੁਤਾਬਕ, ਇਸ ਨੁਕਸਾਨ ਦੀ ਭਰਪਾਈ ਕਰਨ ਲਈ ਉਨ੍ਹਾਂ ਵੱਲੋਂ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਗੱਲਬਾਤ ਵੀ ਕੀਤੀ ਗਈ ਸੀ। ਅਗਲੇ ਦਿਨ ਬਿੱਕਰ ਸਿੰਘ, ਬਚਿੱਤਰ ਸਿੰਘ ਅਤੇ ਉਨ੍ਹਾਂ ਦਾ ਪਿਤਾ ਬੀਰਾ ਸਿੰਘ ਕਥਿਤ ਤੌਰ ’ਤੇ ਉਨ੍ਹਾਂ ਦੇ ਘਰ ਆਏ, ਜਿਨ੍ਹਾਂ ਨੇ ਉਸ ਦੇ 18 ਸਾਲਾ ਪੁੱਤਰ ਜਸ਼ਨ ਸਿੰਘ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬੀਰਾ ਸਿੰਘ ਨੇ ਕਿਰਪਾਨ ਨਾਲ ਉਸ ਦੇ ਪੁੱਤਰ ’ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਬਚਾਉਣ ਲਈ ਉਹ ਅੱਗੇ ਹੋਈ ਤਾਂ ਕਿਰਪਾਨ ਉਸ ਦੇ ਹੱਥ ’ਤੇ ਲੱਗੀ।
ਉਸ ਨੇ ਰੌਲਾ ਪਾਇਆ ਤਾਂ ਹਮਲਾਵਰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਦਿਆਲ ਸਿੰਘ ਨੇ ਦੱਸਿਆ ਕਿ ਬਿੱਕਰ ਸਿੰਘ, ਬਚਿੱਤਰ ਸਿੰਘ ਤੇ ਬੀਰਾ ਸਿੰਘ ਵਾਸੀ ਠੱਠੀਆਂ ਮਹੰਤਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।