ਸਿਵਲ ਹਸਪਤਾਲ ਵਿਸ਼ਵ ਤੰਬਾਕੂ ਵਿਰੋਧੀ ਜਾਗਰੂਕਤਾ ਦਿਵਸ ’ਤੇ ਕੀਤਾ ਜਾਗਰੂਕ
ਡਾ. ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੋਟੀ ਉਮਰ ਵਿਚ ਤੰਬਾਕੂ ਦੇ ਸੇਵਨ ਅਤੇ ਇਸ ਨੂੰ ਰੋਕਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ
Publish Date: Sat, 30 May 2026 06:28 PM (IST)
Updated Date: Sun, 31 May 2026 04:03 AM (IST)

ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਨੋਡਲ ਅਫ਼ਸਰ ਡਾ. ਹਰਪ੍ਰੀਤ ਸਿੰਘ ਵੱਲੋਂ ਸਿਵਲ ਹਸਪਤਾਲ ਤਰਨਤਾਰਨ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਜਾਗਰੂਤਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਜਨਤਕ ਥਾਵਾਂ ਅਤੇ ਵਿੱਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ ’ਤੇ ਸੇਵਨ ਕਰਨਾ ਕਾਨੂੰਨੀ ਜ਼ੁਰਮ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਪਦਾਰਥ ਦਾ ਸੇਵਨ ਕਰਨ ਤੇ ਵੇਚਣ ਦੀ ਮੁਕੰਮਲ ਮਨਾਹੀ ਹੈ। ਸਾਰੇ ਵਿਭਾਗ ਦੇ ਮੁਖੀ ਜਿਨ੍ਹਾਂ ਅਧੀਨ ਜਨਤਕ ਥਾਵਾਂ ਹਨ, ਸਵੈ-ਘੋਸ਼ਣਾ ਪੱਤਰ ਦੇਣਾ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਅਧੀਨ ਸੰਸਥਾ ਵਿਚ ਤੰਬਾਕੂਨੋਸ਼ੀ ਐਕਟ ਪੂਰੀ ਤਰ੍ਹਾਂ ਲਾਗੂ ਹੈ ਅਤੇ ਇਸ ਦੀ ਕਿਸੇ ਵੀ ਕਿਸਮ ਦੀ ਉਲੰਘਣਾ ਨਹੀਂ ਹੋ ਰਹੀ ਅਤੇ ਉਲੰਘਣਾ ਤੇ ਜ਼ੁਰਮਾਨਾ, ਚਲਾਨ ਅਤੇ ਸਜ਼ਾਵਾਂ ਵੀ ਉਪਲਬੱਧ ਹਨ। ਇਸ ਮੌਕੇ ਡਾ. ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੋਟੀ ਉਮਰ ਵਿਚ ਤੰਬਾਕੂ ਦੇ ਸੇਵਨ ਅਤੇ ਇਸ ਨੂੰ ਰੋਕਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਵਿਚ 18 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਵਿਚ ਖਾਣ ਵਾਲੇ ਤੰਬਾਕੂ ਦਾ ਬਹੁਤ ਰੁਝਾਨ ਵੇਖਿਆ ਗਿਆ ਹੈ ਜਿਵੇਂ ਕਿ ਚੈਨੀ-ਖੈਨੀ, ਜ਼ਰਦਾ ਅਤੇ ਹੁੱਕਾ ਆਦਿ। ਇਸ ਨਾਲ ਮੂੰਹ, ਤਾਲੂ ਅਤੇ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਸਾਰ ਵਿਚ 15 ਫੀਸਦੀ ਮੌਤਾਂ, ਜੋ ਕਿ ਦਿਲ ਦੀਆਂ ਬਿਮਾਰੀਆਂ ਨਾਲ ਹੁੰਦੀਆਂ ਹਨ, ਦਾ ਕਾਰਨ ਐਕਟਿਵ/ਪੈਸਿਵ ਸਮੋਕਿੰਗ ਹੁੰਦਾ ਹੈ। ਐਕਟਿਵ ਸਮੋਕਿੰਗ ਤੋਂ ਭਾਵ ਹੈ ਜਿਹੜੇ ਲੋਕ ਆਪ ਸਿਗਰੇਟ ਪੀਂਦੇ ਹਨ, ਉਨ੍ਹਾਂ ਤੇ ਤੰਬਾਕੂ ਦੇ ਬੁਰੇ ਪ੍ਰਭਾਵ ਦਾ ਅਸਰ ਹੁੰਦਾ ਹੈ ਅਤੇ ਪੈਸਿਵ ਸਮੋਕਿੰਗ ਤੋਂ ਭਾਵ ਜਿਹੜੇ ਲੋਕ ਆਪ ਤਾਂ ਸਿਗਰੇਟ ਨਹੀਂ ਪੀਂਦੇ, ਪਰ ਸਿਗਰੇਟ ਪੀਣ ਵਾਲਿਆਂ ਦੇ ਸੰਪਰਕ ਵਿਚ ਰਹਿੰਦੇ ਹਨ, ਉਹ ਅਨਜਾਣੇ ਤੌਰ ’ਤੇ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਤੰਬਾਕੂ ਦੇ ਧੂੂੰਏਂ ਵਿਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ, ਜਿਨ੍ਹਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦਾ ਕੈਂਸਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਤੇ ਅਤੇ ਹੋਰ ਅਦਾਰਿਆਂ ਦੇ 100 ਗਜ਼ ਦੇ ਘੇਰੇ ਵਿਚ ਖੁੱਲ੍ਹੀ ਸਿਗਰਟ ਵੇਚਣ ਤੇ ਅਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਉਤਪਾਦਨ ਵੇਚਣ ਤੇ ਐਕਟ ਅਨੁਸਾਰ ਮੁਕੰਮਲ ਮਨਾਹੀ ਹੈ। ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਅਤੇ ਆਮ ਲੋਕਾਂ ਤੋਂ ਇਲਾਵਾ ਮਾਈ ਭਾਗੋ ਕਾਲਜ ਦਾ ਸਟਾਫ਼, ਭੁਪਿੰਦਰ ਸਿੰਘ ਹੈਲਥ ਸੁਪਰਵਾਈਜ਼ਰ, ਅਮਰਜੀਤ ਸਿੰਘ ਗਿੱਲ ਤੰਬਾਕੂ ਕੋਆਰਡੀਨੇਟਰ, ਆਰੂਸ਼ ਭੱਲਾ ਬੀਸੀਸੀ ਕੋਆਰਡੀਨੇਟਰ, ਮਨਦੀਪ ਸਿੰਘ ਆਦਿ ਹਾਜਰ ਸਨ। ਕੈਪਸ਼ਨ - ਸਿਵਲ ਹਸਪਤਾਲ ਵਿਸ਼ਵ ਤੰਬਾਕੂ ਵਿਰੋਧੀ ਜਾਗਰੂਕਤਾ ਦਿਵਸ ’ਤੇ ਜਾਗਰੂਕ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ।