ਸਾਇਰਨ ਵੱਜਦਿਆਂ ਹੀ ਹਨ੍ਹੇਰੇ ’ਚ ਡੁੱਬਾ ਸਮੁੱਚਾ ਐੱਸਡੀਐੱਮ ਕੰਪਲੈਕਸ ਤਰਨਤਾਰਨ ਸਾਇਰਨ ਵੱਜਦਿਆਂ ਹੀ ਹਨੇਰੇ ’ਚ ਡੁੱਬਾ ਸਮੁੱਚਾ ਐੱਸਡੀਐੱਮ ਕੰਪਲੈਕਸ ਤਰਨਤਾਰਨ
Publish Date: Fri, 27 Nov 2026 09:06 PM (IST)
Updated Date: Fri, 27 Nov 2026 09:07 PM (IST)
ਸਿਵਲ ਡਿਫੈਂਸ ਨੇ ’ਚ ਕੀਤੀ ਬਲੈਕਆਊਟ ਮੌਕ ਡਰਿੱਲ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਸ਼ੁੱਕਰਵਾਰ ਨੂੰ ਰਾਤ 8 ਵਜਦਿਆਂ ਹੀ ਸਾਇਰਨ ਦੀ ਆਵਾਜ ਨਾਲ ਸਮੁੱਚਾ ਐੱਸਡੀਐੱਮ ਕੰਪਲੈਕਸ ਤਰਨਤਾਰਨ ਉਸ ਵੇਲੇ ਹਨੇਰੇ ਵਿਚ ਡੁੱਬ ਗਿਆ ਜਦੋਂ ਸਿਵਲ ਡਿਫੈਂਸ ਵਲੋਂ ਏਅਰ ਰੇਡ, ਬਲੈਕਆਊਟ ਮੌਕ ਡਰਿੱਲ ਕਰਵਾਈ ਗਈ। ਇਹ ਮੌਕ ਡਰਿੱਲ ਕਿਸੇ ਵੀ ਸੰਭਾਵੀ ਹਵਾਈ ਹਮਲੇ ਮੌਕੇ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਕਰਨ ਲਈ ਕੀਤੀ ਗਈ। ਡਿਪਟੀ ਕਮਿਸ਼ਨਰ ਡਾ. ਨਿਰਮਲ ਓਸੇਪਚਨ ਦੀਆਂ ਹਦਾਇਤਾਂ ਤਹਿਤ ਕਰਵਾਈ ਗਈ ਇਹ ਮੌਕ ਡਰਿੱਲ ਏਅਰ ਰੇਡ ਚਿਤਾਵਨੀ ਸਿਗਨਲ ਨਾਲ ਸ਼ੁਰੂ ਹੋਈ, ਜੋ ਸਾਇਰਨ ਰਾਹੀਂ ਦਿੱਤਾ ਗਿਆ। ਇਸ ਮੌਕ ਡਰਿੱਲ ਦੌਰਾਨ ਬਿਜਲੀ ਵਿਭਾਗ ਵੱਲੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਕਰੀਬ 15 ਮਿੰਟ ਦੇ ਇਸ ਬਲੈਕਆਊਟ ਦੌਰਾਨ ਨਿਰਧਾਰਤ ਖੇਤਰ ਵਿਚ ਸਾਰੀਆਂ ਬੱਤੀਆਂ ਬੰਦ ਕਰ ਦਿੱਤੀਆਂ ਗਈਆਂ ਅਤੇ ਸਮੁੱਚੇ ਐੱਸਡੀਐੱਮ ਕੰਪਲੈਕਸ ਵਿਚ ਘੁੱਪ ਹਨੇਰਾ ਛਾ ਗਿਆ। ਮੌਕ ਡਰਿੱਲ ਸਮਾਪਤ ਹੋਣ ਉਪਰੰਤ ‘ਆਲ ਕਲੀਅਰ’ ਸਿਗਨਲ 2 ਮਿੰਟ ਲਈ ਲਗਾਤਾਰ ਉੱਚ ਧੁਨੀ ਵਿਚ ਦਿੱਤਾ ਗਿਆ, ਜੋ ਇਸ ਡਰਿੱਲ ਦੇ ਖ਼ਤਮ ਹੋਣ ਦਾ ਸੰਕੇਤ ਸੀ। ਇਸ ਮੌਕ ਅਭਿਆਸ ਦੌਰਾਨ ਅੱਗ ਬੁਝਾਊ ਕਾਰਵਾਈ, ਬਚਾਅ ਅਤੇ ਰਾਹਤ ਕਾਰਜ, ਫਸਟ ਏਡ ਅਤੇ ਮੈਡੀਕਲ ਸਹਾਇਤਾ, ਜ਼ਖਮੀਆਂ ਦੀ ਢੁਆਈ, ਟਰੈਫਿਕ ਅਤੇ ਭੀੜ ਨਿਯੰਤਰਣ ਦੇ ਉਪਾਵਾਂ ਦੀ ਪ੍ਰਤੀਕਾਤਮਕ ਰਿਹਰਸਲ ਕੀਤੀ ਗਈ। ਨਾਇਬ ਤਹਿਸੀਲਦਾਰ ਤਰਨਤਾਰਨ ਨਿਰਮਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਹ ਸਿਰਫ਼ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਲਈ ਇਕ ਰੁਟੀਨ ਡਰਿੱਲ ਸੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੂਰੇ ਦੇਸ਼ ਵਿਚ ਮੌਕ ਡਰਿੱਲ ਹਰੇਕ ਸਾਲ ਦੇ ਅਪ੍ਰੈਲ ਅਤੇ ਨਵੰਬਰ ਦੇ ਮਹੀਨੇ ਵਿਚ ਕਰਵਾਈ ਜਾਇਆ ਕਰੇਗੀ। ਇਸ ਮੌਕੇ ਇੰਸਪੈਕਟਰ ਸਿਵਲ ਡਿਫੈਂਸ ਮਨਜੀਤ ਸਿੰਘ, ਸਬ ਇੰਸਪੈਕਟਰ ਸਿਵਲ ਡਿਫੈਂਸ ਚਰਨਜੀਤ ਸਿੰਘ ਤੋਂ ਇਲਾਵਾ ਵਲੰਟੀਅਰ, ਸਿਵਲ ਡਿਫੈਂਸ ਦੇ ਕਰਮਚਾਰੀ, ਸਿਹਤ ਵਿਭਾਗ ਦੇ ਕਰਮਚਾਰੀ ਅਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।