ਗਰਮੀ ਤੋਂ ਰਾਹਤ ਪਾਉਣ ਲਈ ਖਤਰਿਆਂ ਨਾਲ ਖੇਡ ਰਹੇ ਮਾਸੂਮ ਗਰਮੀ ਤੋਂ ਰਾਹਤ ਪਾਉਣ ਲਈ ਹਰ ਰੋਜ਼ ਜਾਨਾਂ ਖਤਰੇ ਵਿਚ ਪਾ ਰਹੇ ਹਨ ਮਾਸੂਮ
Publish Date: Fri, 31 Jul 2026 06:07 PM (IST)
Updated Date: Fri, 31 Jul 2026 06:10 PM (IST)
ਪੱਟੀ ਦੀਆਂ ਨਹਿਰਾਂ ਵਿਚ ਛਾਲਾਂ ਲਗਾਉਂਦੇ ਬੱਚਿਆਂ ਨੂੰ ਲੈ ਕੇ ਜਤਾਈ ਚਿੰਤਾ ਕੇਪੀ ਗਿੱਲ• ਪੰਜਾਬੀ ਜਾਗਰਣ ਕੈਰੋਂ : ਗਰਮੀ ਤੋਂ ਰਾਹਤ ਪਾਉਣ ਲਈ ਪੱਟੀ ਦੀ ਗਾਰਡਨ ਕਾਲੋਨੀ ਨੇੜੇ ਰਸੂਲਪੁਰ ਰਜਬਾਹਾ ਨਹਿਰ ਵਿਚ ਰੋਜ਼ਾਨਾ ਵੱਡੀ ਗਿਣਤੀ ’ਚ ਨਾਬਾਲਗ ਬੱਚੇ ਨਹਾਉਣ ਲਈ ਉਤਰ ਰਹੇ ਹਨ। ਤੇਜ਼ ਵਹਾਅ ਵਾਲੀ ਇਸ ਨਹਿਰ ਵਿਚ ਬੱਚਿਆਂ ਦਾ ਬਿਨ੍ਹਾਂ ਕਿਸੇ ਸੁਰੱਖਿਆ ਪ੍ਰਬੰਧ ਦੇ ਨਹਾਉਣਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣ ਦੇ ਬਰਾਬਰ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਇਥੇ ਕਿਸੇ ਮਾਸੂਮ ਦੀ ਜਾਨ ਵੀ ਜਾ ਸਕਦੀ ਹੈ। ਦੁਪਹਿਰ ਵੇਲੇ ਜਦੋਂ ਗਰਮੀ ਆਪਣੇ ਸਿਖਰ ਤੇ ਹੁੰਦੀ ਹੈ ਤਾਂ ਦਰਜਨਾਂ ਬੱਚੇ ਨਹਿਰ ਵਿਚ ਛਾਲਾਂ ਮਾਰਦੇ ਨਜ਼ਰ ਆਉਂਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਬੱਚਿਆਂ ਦੀ ਉਮਰ 10 ਤੋਂ 16 ਸਾਲ ਦੇ ਵਿਚਕਾਰ ਹੈ, ਜਿਨ੍ਹਾਂ ਨੂੰ ਨਾ ਤਾਂ ਪਾਣੀ ਦੀ ਡੂੰਘਾਈ ਦਾ ਅੰਦਾਜ਼ਾ ਹੁੰਦਾ ਹੈ ਤੇ ਨਾ ਹੀ ਤੇਜ਼ ਵਹਾਅ ਦੇ ਖ਼ਤਰੇ ਦਾ। ਮੌਕੇ ਤੇ ਨਾ ਕੋਈ ਚੇਤਾਵਨੀ ਬੋਰਡ, ਨਾ ਸੁਰੱਖਿਆ ਕਰਮੀ ਤੇ ਨਾ ਹੀ ਕਿਸੇ ਤਰ੍ਹਾਂ ਦੀ ਨਿਗਰਾਨੀ ਹੋਣ ਕਾਰਨ ਹਰ ਰੋਜ਼ ਇੱਕ ਵੱਡਾ ਖ਼ਤਰਾ ਬਣਿਆ ਰਹਿੰਦਾ ਹੈ। ਇਹ ਚਿੰਤਾ ਇਸ ਲਈ ਵੀ ਹੋਰ ਗੰਭੀਰ ਬਣ ਜਾਂਦੀ ਹੈ ਕਿਉਂਕਿ ਜ਼ਿਲ੍ਹਾ ਤਰਨਤਾਰਨ ਵਿਚ ਨਹਿਰਾਂ ’ਚ ਡੁੱਬਣ ਕਾਰਨ ਮਾਸੂਮਾਂ ਦੀਆਂ ਮੌਤਾਂ ਦੇ ਕਈ ਦਰਦਨਾਕ ਮਾਮਲੇ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ। ਹਾਲ ਹੀ ਵਿਚ ਇੱਕ ਦੁਖਦਾਈ ਘਟਨਾ ਵਿਚ 8 ਸਾਲਾ ਕਰਨਬੀਰ ਸਿੰਘ ਆਪਣੇ ਵੱਡੇ ਭਰਾ ਨਾਲ ਨਹਿਰ ਵਿਚ ਨਹਾਉਣ ਗਿਆ ਸੀ। ਪਾਣੀ ਦਾ ਵਹਾਅ ਅਚਾਨਕ ਤੇਜ਼ ਹੋਣ ਕਾਰਨ ਦੋਵੇਂ ਭਰਾ ਡੁੱਬਣ ਲੱਗ ਪਏ। ਪਿੰਡ ਵਾਸੀਆਂ ਨੇ ਬੜੀ ਮੁਸ਼ੱਕਤ ਨਾਲ ਇਕ ਬੱਚੇ ਨੂੰ ਤਾਂ ਜ਼ਿੰਦਾ ਬਾਹਰ ਕੱਢ ਲਿਆ, ਪਰ ਕਰਨਬੀਰ ਸਿੰਘ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸੇ ਤਰ੍ਹਾਂ ਜ਼ਿਲ੍ਹੇ ਦੇ ਪਿੰਡ ਭਲੋਜਲਾ ਵਿਚ ਵੀ ਦੋ ਸਕੇ ਭਰਾਵਾਂ ਦੀ ਨਹਿਰ ਵਿਚ ਨਹਾਉਂਦੇ ਸਮੇਂ ਡੁੱਬਣ ਦੀ ਦਰਦਨਾਕ ਘਟਨਾ ਸਾਹਮਣੇ ਆ ਚੁੱਕੀ ਹੈ। ਅਜਿਹੀਆਂ ਘਟਨਾਵਾਂ ਸਾਬਿਤ ਕਰਦੀਆਂ ਹਨ ਕਿ ਨਹਿਰਾਂ ਵਿਚ ਨਹਾਉਣਾ ਕਿਨ੍ਹਾਂ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਸਮਾਜਿਕ ਆਗੂਆਂ ਦਾ ਕਹਿਣਾ ਹੈ ਕਿ ਮਾਪਿਆਂ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ’ਤੇ ਨਿਗਰਾਨੀ ਰੱਖਣ ਤੇ ਉਨ੍ਹਾਂ ਨੂੰ ਨਹਿਰਾਂ ਜਾਂ ਹੋਰ ਖ਼ਤਰਨਾਕ ਥਾਵਾਂ ਤੇ ਨਹਾਉਣ ਤੋਂ ਰੋਕਣ। ਪ੍ਰਸ਼ਾਸਨ ਤੁਰੰਤ ਚੁੱਕੇ ਕਦਮ : ਗੁਰਦੇਵ ਸਿੰਘ ਸਮਾਜ ਸੁਧਾਰਕ ਗੁਰਦੇਵ ਸਿੰਘ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਨਹਿਰਾਂ ਵਿਚ ਨਹਾਉਣ ਲਈ ਨਾਬਾਲਗ ਬੱਚਿਆਂ ਦਾ ਜਾਣਾ ਬਹੁਤ ਹੀ ਚਿੰਤਾਜਨਕ ਹੈ। ਪਿਛਲੇ ਕੁਝ ਸਮੇਂ ਦੌਰਾਨ ਤਰਨਤਾਰਨ ਜ਼ਿਲ੍ਹੇ ਵਿਚ ਕਈ ਮਾਸੂਮ ਬੱਚੇ ਨਹਿਰਾਂ ’ਚ ਡੁੱਬ ਕੇ ਆਪਣੀ ਜਾਨ ਗੁਆ ਚੁੱਕੇ ਹਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਰਸੂਲਪੁਰ ਰਜਬਾਹਾ ਸਮੇਤ ਹੋਰ ਖਤਰਨਾਕ ਥਾਵਾਂ ਤੇ ਚੇਤਾਵਨੀ ਬੋਰਡ, ਲੋਹੇ ਦੀ ਫੈਂਸਿੰਗ ਤੇ ਨਿਯਮਤ ਪੁਲਿਸ ਗਸ਼ਤ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸੇ ਹੋਰ ਪਰਿਵਾਰ ਨੂੰ ਆਪਣੇ ਬੱਚੇ ਦੀ ਜਾਨ ਨਾ ਗੁਆਉਣੀ ਪਵੇ। ਮਾਪੇ ਬੱਚਿਆਂ ਨੂੰ ਨਹਿਰਾਂ ਤੋਂ ਰੱਖਣ ਦੂਰ : ਮਲਕੀਤ ਸਿੰਘ ਸਮਾਜ ਸੇਵੀ ਮਲਕੀਤ ਸਿੰਘ ਨੇ ਕਿਹਾ ਕਿ ਨਹਿਰਾਂ ਵਿਚ ਵਧਦਾ ਪਾਣੀ ਦਾ ਵਹਾਅ ਹਰ ਸਾਲ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਉਜਾੜ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਨਾਲ-ਨਾਲ ਮਾਪਿਆਂ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਤੇ ਉਨ੍ਹਾਂ ਨੂੰ ਨਹਿਰਾਂ, ਰਜਬਾਹਿਆਂ ਤੇ ਹੋਰ ਖਤਰਨਾਕ ਥਾਵਾਂ ਤੇ ਨਹਾਉਣ ਨਾ ਜਾਣ ਦੇਣ। ਉਨ੍ਹਾਂ ਅਪੀਲ ਕੀਤੀ ਕਿ ਪਿੰਡਾਂ ਦੀਆਂ ਪੰਚਾਇਤਾਂ, ਸਮਾਜਿਕ ਸੰਸਥਾਵਾਂ ਤੇ ਸਕੂਲ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਉਣ, ਤਾਂ ਜੋ ਭਵਿੱਖ ਵਿਚ ਅਜਿਹੇ ਦਰਦਨਾਕ ਹਾਦਸਿਆਂ ਨੂੰ ਰੋਕਿਆ ਜਾ ਸਕੇ।