ਚੰਡੀਗੜ੍ਹ ਆਈ.ਈ.ਡੀ. ਮਾਮਲਾ : ਤਰਨਤਾਰਨ ਦੇ ਨੌਜਵਾਨ ਲਵਪ੍ਰੀਤ ਸਿੰਘ ਦੇ ਹੱਕ 'ਚ ਨਿੱਖੜਿਆ ਪਰਿਵਾਰ, ਉੱਚ ਪੱਧਰੀ ਜਾਂਚ ਦੀ ਮੰਗ
ਲਵਪ੍ਰੀਤ ਸਿੰਘ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸਰਹਾਲੀ ਕਲਾਂ ਦਾ ਰਹਿਣ ਵਾਲਾ ਹੈ। ਪਰਿਵਾਰ ਮੁਤਾਬਕ ਉਹ ਅਤੇ ਜਸ਼ਨਪ੍ਰੀਤ ਸਿੰਘ ਘਰੋਂ ਨਿਕਲਦੇ ਸਮੇਂ ਆਪਣੇ ਨਾਲ ਕਰੀਬ ਇੱਕ ਹਜ਼ਾਰ ਰੁਪਏ ਲੈ ਕੇ ਗਏ ਸਨ। ਪਰਿਵਾਰ ਨੂੰ ਉਸ ਸਮੇਂ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ
Publish Date: Tue, 25 Aug 2026 11:50 AM (IST)
Updated Date: Tue, 25 Aug 2026 03:19 PM (IST)
ਕੇਪੀ ਗਿੱਲ, ਪੰਜਾਬੀ ਜਾਗਰਣ, ਕੈਰੋਂ : ਚੰਡੀਗੜ੍ਹ ਦੇ ਸੈਕਟਰ-43 ਦੇ ਪਿੱਛੇ ਜੰਗਲੀ ਇਲਾਕੇ ਵਿੱਚੋਂ ਬਰਾਮਦ ਹੋਈ ਆਈ.ਈ.ਡੀ. ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਲਵਪ੍ਰੀਤ ਸਿੰਘ ਉਰਫ਼ ਚਿੜੀ ਦੇ ਪਰਿਵਾਰ ਨੇ ਆਪਣੇ ਪੁੱਤਰ ਨੂੰ ਨਿਰਦੋਸ਼ ਦੱਸਦਿਆਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਲਵਪ੍ਰੀਤ ਸਿੰਘ ਆਪਣੇ ਭੂਆ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਨਾਲ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਲਈ ਯਾਤਰਾ ’ਤੇ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ।
ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸਰਹਾਲੀ ਕਲਾਂ ਦਾ ਰਹਿਣ ਵਾਲਾ ਹੈ। ਪਰਿਵਾਰ ਮੁਤਾਬਕ ਉਹ ਅਤੇ ਜਸ਼ਨਪ੍ਰੀਤ ਸਿੰਘ ਘਰੋਂ ਨਿਕਲਦੇ ਸਮੇਂ ਆਪਣੇ ਨਾਲ ਕਰੀਬ ਇੱਕ ਹਜ਼ਾਰ ਰੁਪਏ ਲੈ ਕੇ ਗਏ ਸਨ। ਪਰਿਵਾਰ ਨੂੰ ਉਸ ਸਮੇਂ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਕੁਝ ਸਮੇਂ ਬਾਅਦ ਉਨ੍ਹਾਂ ਦੇ ਪੁੱਤਰ ਦਾ ਨਾਂ ਚੰਡੀਗੜ੍ਹ ਵਿੱਚੋਂ ਬਰਾਮਦ ਹੋਈ ਧਮਾਕਾਖੇਜ਼ ਸਮੱਗਰੀ ਦੇ ਮਾਮਲੇ ਨਾਲ ਜੁੜ ਜਾਵੇਗਾ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਲਵਪ੍ਰੀਤ ਸਿੰਘ ਦੇ ਪਿਤਾ ਦਿਹਾੜੀਦਾਰ ਵਜੋਂ ਕੰਮ ਕਰਦੇ ਹਨ, ਜਦਕਿ ਲਵਪ੍ਰੀਤ ਖੁਦ ਪੇਂਟਿੰਗ ਦਾ ਕੰਮ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਅਜਿਹੀਆਂ ਗਤੀਵਿਧੀਆਂ ਨਾਲ ਕੋਈ ਸਬੰਧ ਨਹੀਂ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਲਵਪ੍ਰੀਤ ਸਿੰਘ ਪਹਿਲਾਂ ਵੀ ਕਾਨੂੰਨ ਦੇ ਸ਼ਿਕੰਜੇ ਵਿੱਚ ਆ ਚੁੱਕਾ ਹੈ। ਪਿਛਲੇ ਸਾਲ ਜੂਨ ਮਹੀਨੇ ਵਿੱਚ ਥਾਣਾ ਸਰਹਾਲੀ ਵਿਖੇ ਉਸ ਖ਼ਿਲਾਫ਼ 7 ਗ੍ਰਾਮ ਹੈਰੋਇਨ ਦੀ ਬਰਾਮਦਗੀ ਸਬੰਧੀ ਮਾਮਲਾ ਦਰਜ ਹੋਇਆ ਸੀ। ਇਸ ਮਾਮਲੇ ਵਿੱਚ ਉਹ ਜੇਲ੍ਹ ਵੀ ਗਿਆ ਅਤੇ ਬਾਅਦ ਵਿੱਚ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। ਜਾਂਚ ਏਜੰਸੀਆਂ ਵੱਲੋਂ ਹੁਣ ਇਸ ਪੁਰਾਣੇ ਮਾਮਲੇ ਅਤੇ ਮੌਜੂਦਾ ਘਟਨਾ ਦਰਮਿਆਨ ਕਿਸੇ ਸੰਭਾਵਿਤ ਸਬੰਧ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਨਾਲ ਜੁੜੇ ਪੱਖੋਂ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲਵਪ੍ਰੀਤ ਸਿੰਘ ਦੇ ਜੇਲ੍ਹ ਵਿੱਚ ਰਹਿਣ ਦੌਰਾਨ ਉਸ ਦੇ ਕੁਝ ਅਪਰਾਧਿਕ ਤੱਤਾਂ ਜਾਂ ਗੈਂਗਸਟਰਾਂ ਨਾਲ ਸੰਪਰਕ ਬਣੇ ਹੋ ਸਕਦੇ ਹਨ। ਹਾਲਾਂਕਿ ਇਹ ਸਿਰਫ਼ ਜਾਂਚ ਦਾ ਇੱਕ ਸੰਭਾਵਿਤ ਪੱਖ ਹੈ ਅਤੇ ਇਸ ਸਬੰਧੀ ਕਿਸੇ ਨਤੀਜੇ ’ਤੇ ਪਹੁੰਚਣਾ ਜਾਂ ਦੋਸ਼ ਤੈਅ ਕਰਨਾ ਅਦਾਲਤੀ ਕਾਰਵਾਈ ਤੋਂ ਪਹਿਲਾਂ ਠੀਕ ਨਹੀਂ ਹੋਵੇਗਾ।
ਲਵਪ੍ਰੀਤ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਪੁੱਤਰ ਕਿਸੇ ਗਲਤ ਕੰਮ ਵਿੱਚ ਸ਼ਾਮਲ ਨਹੀਂ ਹੈ ਤਾਂ ਜਾਂਚ ਰਾਹੀਂ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਪਰਿਵਾਰ ਨੇ ਪੁਲਿਸ ਅਤੇ ਸਬੰਧਤ ਜਾਂਚ ਏਜੰਸੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਕਿਸੇ ਵੀ ਵਿਅਕਤੀ ਨੂੰ ਸਿਰਫ਼ ਸ਼ੱਕ ਦੇ ਆਧਾਰ ’ਤੇ ਦੋਸ਼ੀ ਨਾ ਮੰਨਿਆ ਜਾਵੇ।
ਚੰਡੀਗੜ੍ਹ ਵਿੱਚ ਆਈ.ਈ.ਡੀ. ਦੀ ਬਰਾਮਦਗੀ ਨੂੰ ਸੁਰੱਖਿਆ ਪੱਖੋਂ ਗੰਭੀਰ ਘਟਨਾ ਮੰਨਿਆ ਜਾ ਰਿਹਾ ਹੈ। ਹੁਣ ਜਾਂਚ ਦਾ ਕੇਂਦਰ ਇਸ ਗੱਲ ’ਤੇ ਹੈ ਕਿ ਧਮਾਕਾਖੇਜ਼ ਸਮੱਗਰੀ ਕਿਸ ਨੇ ਮੁਹੱਈਆ ਕਰਵਾਈ, ਇਸ ਨੂੰ ਕਿੱਥੋਂ ਲਿਆਂਦਾ ਗਿਆ ਅਤੇ ਇਸ ਦੇ ਪਿੱਛੇ ਕੌਣ-ਕੌਣ ਲੋਕ ਕੰਮ ਕਰ ਰਹੇ ਸਨ। ਆਉਣ ਵਾਲੇ ਦਿਨਾਂ ਵਿੱਚ ਜਾਂਚ ਅੱਗੇ ਵਧਣ ਨਾਲ ਇਸ ਮਾਮਲੇ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।