ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਤਿਲਾਂਜਲੀ ਦੇ ਕੇ ਜਵਾਨੀ ਨੂੰ ਪਾਇਆ ਨਸ਼ਿਆਂ ਦੇ ਰਾਹ : ਦਰਾਜਕੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਤਿਲਾਂਜਲੀ ਦੇ ਕੇ ਜਵਾਨੀ ਨੂੰ ਨਸ਼ਿਆਂ ਦੇ ਰਾਹ ਪਾਇਆ : ਦਰਾਜਕੇ
Publish Date: Mon, 28 Sep 2026 05:03 PM (IST)
Updated Date: Tue, 29 Sep 2026 04:01 AM (IST)
ਰਾਜਨ ਚੋਪੜਾ, •ਪੰਜਾਬੀ ਜਾਗਰਣ, ਭਿੱਖੀਵਿੰਡ : ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਸ਼ਹੀਦ ਭਗਤ ਸਿੰਘ ਦੇ ਨਾਅਰੇ ਇਨਕਲਾਬ ਜ਼ਿੰਦਾਬਾਦ ਨਾਲ ਸੱਤਾ ’ਚ ਆ ਕੇ ਕਾਰਪੋਰੇਟ ਘਰਾਣਿਆਂ ਦੇ ਹੱਕ ’ਚ ਭੁਗਤ ਰਹੀ ਹੈ ਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਤਿਲਾਂਜਲੀ ਦੇ ਕੇ ਜਵਾਨੀ ਨੂੰ ਨਸ਼ਿਆਂ ਦੇ ਰਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਪਾਰਟੀ ਦਫ਼ਤਰ ਭਿੱਖੀਵਿੰਡ ’ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਸਮਾਗਮ ’ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ’ਤੇ ਸਾਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਜਾਣ ਦਾ ਪ੍ਰਣ ਕਰਨਾ ਚਾਹੀਦਾ ਹੈ, ਉਥੇ ਅੱਜ ਸਾਡੇ ਸਮਾਜ ਅੰਦਰ ਹਾਕਮ ਸਰਕਾਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਕੁਰੀਤੀਆਂ ਨਸ਼ਾ, ਚੋਰੀ, ਡਕੈਤੀਆਂ, ਕਤਲੋਗਾਰਤ ਤੋਂ ਨਿਜਾਤ ਦਿਵਾਉਣ ਲਈ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਹਾਕਮ ਸ਼ਹੀਦਾਂ ਦੇ ਸੁਪਨਿਆਂ ਨੂੰ ਚਕਨਾ ਚੂਰ ਕਰਕੇ ਵਿੱਦਿਆ, ਸਿਹਤ ਸਹੂਲਤਾਂ ਤੋਂ ਆਮ ਵਰਗ ਨੂੰ ਵਾਂਝਿਆ ਕਰਕੇ ਪਬਲਿਕ ਸੈਕਟਰ ਦੇ ਸਾਰੇ ਅਦਾਰਿਆਂ ਨੂੰ ਨਿਜੀ ਹੱਥਾਂ ’ਚ ਵੇਚਣ ਦੀਆਂ ਕੌਝੀਆਂ ਚਾਲਾਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਕਾਰਨ ਅੱਜ ਦੇਸ਼ ਅੰਦਰ ਕਰੋੜਾਂ ਲੋਕ ਬੇਰੁਜ਼ਗਾਰੀ ਦੀ ਭੱਠੀ ’ਚ ਭੁੱਜ ਰਹੇ ਹਨ। ਸਾਡੀਆਂ ਹਾਕਮ ਸਰਕਾਰਾਂ ਨੌਜਵਾਨਾਂ ਪੱਖੀ ਨੀਤੀਆਂ ਅਪਣਾਉਣ ਲਈ ਕੋਈ ਚਿੰਤਾ ਨਹੀਂ ਕਰ ਰਹੀਆਂ। ਦਰਾਜਕੇ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਸਮਾਜ ਬਣਾਉਣ ਲਈ ਭਗਤ ਸਿੰਘ ਵੱਲੋਂ ਲਾਇਆ ਹੋਇਆ ਨਾਅਰਾ ‘ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ’ ਨੂੰ ਘਰ-ਘਰ ਤਕ ਲੈ ਕੇ ਜਾਣ ਦੀ ਲੋੜ ਹੈ, ਤਾਂ ਹੀ ਭਗਤ ਸਿੰਘ ਦੇ ਵਿਚਾਰਾਂ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਕੇਂਦਰ ਸਰਕਾਰ ਲੋਕ ਵਿਰੋਧੀ ਹੈ, ਉਥੇ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਨੂੰ ਲਗਾਤਾਰ ਮੂਰਖ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦੇ ਐਲਾਨ ਹੁੰਦੇ ਹਨ ਪਰ 28 ਸਤੰਬਰ ਨੂੰ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ। ਜਿਸ ’ਤੇ ਪਾਰਟੀ ਤੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਹੈ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਪਾਰਟੀ ਦੇ ਆਗੂ ਹਰਜਿੰਦਰ ਸਿੰਘ ਚੂੰਘ, ਜਸਵੰਤ ਸਿੰਘ ਭਿੱਖੀਵਿੰਡ ਨੇ ਕੀਤੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸਵਿੰਦਰ ਸਿੰਘ ਚੱਕ, ਗੱਜਣ ਸਿੰਘ ਨਾਰਲਾ, ਸੰਤੋਖ ਸਿੰਘ ਮੱਖੀ, ਭਗਵੰਤ ਸਿੰਘ ਸੁਰਸਿੰਘ, ਲਾਜ਼ਰ ਲਾਖਣਾ, ਗੁਰਬੀਰ ਭੱਟੀ ਰਾਜੋਕੇ, ਬਲਵਿੰਦਰ ਸਿੰਘ ਚੀਮਾ, ਬਿੱਕਰ ਸਿੰਘ ਭਗਵਾਨਪੁਰਾ ਆਦਿ ਆਗੂ ਹਾਜ਼ਰ ਸਨ।