ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਫਲੈਕਸ ਬੋਰਡ ਪਾੜੇ, ਸਮਰਥਕਾਂ ਵਿਚ ਰੋਸ
ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਫਲੈਕਸ ਬੋਰਡ ਪਾੜੇ, ਸਮਰਥਕਾਂ ਵਿਚ ਰੋਸ
Publish Date: Mon, 01 Jun 2026 06:07 PM (IST)
Updated Date: Tue, 02 Jun 2026 04:04 AM (IST)

ਕੇਪੀ ਗਿੱਲ,•ਪੰਜਾਬੀ ਜਾਗਰਣ, ਪੱਟੀ : ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਵਿਚ ਪੰਜਾਬ ਸਰਕਾਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਚੀਮਾ ਦੇ ਲੱਗੇ ਫਲੈਕਸ ਬੋਰਡ ਅਤੇ ਪੋਸਟਰ ਬੀਤੇ ਦਿਨ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਪਾੜ ਦਿੱਤੇ ਗਏ। ਇਸ ਘਟਨਾ ਤੋਂ ਬਾਅਦ ਚੀਮਾ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਆਗੂ ਸਰਬਦੀਪ ਸਿੰਘ ਕੈਰੋਂ ਨੇ ਕਿਹਾ ਕਿ ਕੁਝ ਲੋਕ ਸਿਆਸੀ ਬੌਖਲਾਹਟ ਕਾਰਨ ਅਜਿਹੀਆਂ ਓਛੀਆਂ ਹਰਕਤਾਂ ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਚੀਮਾ ਪਿਛਲੇ ਲੰਮੇ ਸਮੇਂ ਤੋਂ ਪੱਟੀ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਲੋਕਾਂ ਦੇ ਹਰ ਦੁੱਖ-ਸੁੱਖ ਵਿਚ ਸ਼ਾਮਿਲ ਰਹੇ ਹਨ। ਹਲਕੇ ਦੇ ਵਿਕਾਸ ਅਤੇ ਲੋਕ ਭਲਾਈ ਦੇ ਮੁੱਦਿਆਂ ਲਈ ਉਨ੍ਹਾਂ ਦੀ ਸਰਗਰਮ ਭੂਮਿਕਾ ਕਾਰਨ ਲੋਕਾਂ ਵਿਚ ਉਨ੍ਹਾਂ ਦੀ ਇਕ ਵੱਖਰੀ ਪਛਾਣ ਬਣੀ ਹੋਈ ਹੈ। ਪਾੜੇ ਹੋਏ ਪੋਸਟਰ ਦਿਖਾਉਂਦਿਆਂ ਸਰਬਦੀਪ ਸਿੰਘ ਕੈਰੋਂ ਨੇ ਕਿਹਾ ਕਿ ‘ਪੋਸਟਰ ਪਾੜਨ ਨਾਲ ਤੁਸੀਂ ਰਣਜੀਤ ਸਿੰਘ ਚੀਮਾ ਨੂੰ ਪੱਟੀ ਹਲਕੇ ਦੇ ਲੋਕਾਂ ਦੇ ਦਿਲਾਂ ਵਿੱਚੋਂ ਨਹੀਂ ਕੱਢ ਸਕਦੇ। ਚੀਮਾ ਨੇ ਆਪਣੀ ਸਾਦਗੀ, ਇਮਾਨਦਾਰੀ ਅਤੇ ਲੋਕ ਸੇਵਾ ਦੇ ਬਲ ਤੇ ਜੋ ਸਥਾਨ ਲੋਕਾਂ ਦੇ ਦਿਲਾਂ ਵਿਚ ਬਣਾਇਆ ਹੈ, ਉਹ ਕਿਸੇ ਪੋਸਟਰ ਜਾਂ ਬੋਰਡ ਦਾ ਮੁਹਤਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਚੀਮਾ ਨੇ ਸਿਆਸਤ ਨੂੰ ਹਮੇਸ਼ਾ ਲੋਕ ਸੇਵਾ ਦਾ ਮਾਧਿਅਮ ਬਣਾਇਆ ਹੈ ਅਤੇ ਹਲਕੇ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਹੈ। ਇਹੀ ਕਾਰਨ ਹੈ ਕਿ ਅੱਜ ਵੀ ਹਲਕੇ ਦੇ ਲੋਕ ਉਨ੍ਹਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕੰਧਾਂ ਤੋਂ ਤਸਵੀਰਾਂ ਹਟਾਈਆਂ ਜਾ ਸਕਦੀਆਂ ਹਨ, ਪਰ ਲੋਕਾਂ ਦੇ ਦਿਲਾਂ ਵਿਚ ਬਣੀ ਥਾਂ ਨੂੰ ਕੋਈ ਨਹੀਂ ਮਿਟਾ ਸਕਦਾ। ਸਰਬਦੀਪ ਸਿੰਘ ਕੈਰੋਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕਤੰਤਰਕ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹਨ ਅਤੇ ਇਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਇਸ ਮੌਕੇ ਪਰਮਿੰਦਰ ਸਿੰਘ ਕੈਰੋਂ, ਜਗਰੂਪ ਸਿੰਘ ਜੱਗਾ ਕੈਰੋਂ, ਲਵਪ੍ਰੀਤ ਸਿੰਘ ਲਵ ਆਦਿ ਹਾਜ਼ਰ ਸਨ।