ਹਨੀਟ੍ਰੈਪ ਦਾ ਸ਼ਿਕਾਰ ਹੋਇਆ ਸਰਕਾਰੀ ਮੁਲਾਜ਼ਮ: ਬਿਮਾਰ ਕੁੜੀ ਲਈ ਖ਼ੂਨ ਮੰਗਣ ਦੇ ਬਹਾਨੇ ਸੱਦ ਕੇ ਕੀਤਾ ਬਲੈਕਮੇਲ, ਨਗਨ ਤਸਵੀਰਾਂ ਖਿੱਚ ਕੇ 72 ਹਜ਼ਾਰ ਵਸੂਲੇ, 4 ਨਾਮਜ਼ਦ
ਲੜਕੀ ਲਈ ਖੂਨ ਦੀ ਜ਼ਰੂਰਤ ਦੱਸ ਕੇ ਪਾਵਰਕਾਮ ਦੇ ਕਰਮਚਾਰੀ ਨੂੰ ਕਥਿਤ ਤੌਰ ’ਤੇ ਘਰ ਬੁਲਾਉਣ ਤੋਂ ਬਾਅਦ ਇਕ ਮਹਿਲਾ ਵੱਲੋਂ ਆਪਣੇ ਸਾਥੀਆਂ ਸਮੇਤ ਨਗਨ ਤਸਵੀਰਾਂ ਖਿੱਚ ਕੇ ਬਲੈਕਮੇਲ ਕਰਨ ਅਤੇ ਫਿਰ ਧਮਕੀਆਂ ਦੇ ਕੇ ਹਜ਼ਾਰਾਂ ਰੁਪਏ ਦੀ ਰਾਸ਼ੀ ਵਸੂਲ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
Publish Date: Thu, 04 Jun 2026 05:10 PM (IST)
Updated Date: Thu, 04 Jun 2026 05:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਲੜਕੀ ਲਈ ਖੂਨ ਦੀ ਜ਼ਰੂਰਤ ਦੱਸ ਕੇ ਪਾਵਰਕਾਮ ਦੇ ਕਰਮਚਾਰੀ ਨੂੰ ਕਥਿਤ ਤੌਰ ’ਤੇ ਘਰ ਬੁਲਾਉਣ ਤੋਂ ਬਾਅਦ ਇਕ ਮਹਿਲਾ ਵੱਲੋਂ ਆਪਣੇ ਸਾਥੀਆਂ ਸਮੇਤ ਨਗਨ ਤਸਵੀਰਾਂ ਖਿੱਚ ਕੇ ਬਲੈਕਮੇਲ ਕਰਨ ਅਤੇ ਫਿਰ ਧਮਕੀਆਂ ਦੇ ਕੇ ਹਜ਼ਾਰਾਂ ਰੁਪਏ ਦੀ ਰਾਸ਼ੀ ਵਸੂਲ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਉਕਤ ਕਰਮਚਾਰੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਮਹਿਲਾ ਸਮੇਤ ਚਾਰ ਜਣਿਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪਾਵਕਾਮ ਦੇ ਸਹਾਇਕ ਲਾਈਨਮੈਨ ਹਰਜਿੰਦਰ ਸਿੰਘ ਵਾਸੀ ਕੱਲ੍ਹਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 27 ਮਈ ਨੂੰ ਦੁਪਹਿਰ ਕਰੀਬ 12 ਵਜੇ ਉਸ ਨੂੰ ਫੋਨ ਆਇਆ ਪਰ ਜਾਣਕਾਰ ਨਾ ਹੋਣ ਕਰਕੇ ਉਸਨੇ ਗਲਤ ਨੰਬਰ ਦੱਸ ਕੇ ਫੋਨ ਕੱਟ ਦਿੱਤਾ ਪਰ ਦੁਬਾਰਾ ਫੋਨ ਆਇਆ ਤਾਂ ਉਸਨੇ ਫੋਨ ਕਰਨ ਵਾਲੇ ਦੀ ਜਾਣਕਾਰੀ ਪੁੱਛੀ, ਜਿਸ ਨੇ ਆਪਣਾ ਨਾਂ ਰਾਜਵਿੰਦਰ ਕੌਰ ਦੱਸਦਿਆਂ ਕਿਹਾ ਕਿ ਉਸਦੀ ਲੜਕੀ ਬਿਮਾਰ ਹੈ, ਜਿਸ ਨੂੰ ਖੂਨ ਦੀ ਲੋੜ ਹੈ।
ਉਹ ਖੂਨ ਦੇਣ ਲਈ ਹਾਂ ਕਰਨ ’ਤੇ ਉਸ ਨੂੰ ਤਰਨਤਾਰਨ ਬੁਲਾ ਕੇ ਮਹਿਲਾ ਆਪਣੇ ਘਰ ਲੈ ਗਈ। ਬਿਮਾਰ ਕੁੜੀ ਵਿਖਾਉਣ ਦਾ ਕਹਿ ਕੇ ਇਕ ਕਮਰੇ ਵਿਚ ਲਿਜਾਇਆ ਗਿਆ ਅਤੇ ਫਿਰ ਮਹਿਲਾ ਨੇ ਕੁੰਡੀ ਲਗਾ ਲਈ। ਕੁਝ ਦੇਰ ਬਾਅਦ ਤਿੰਨ ਲੋਕ ਉਥੇ ਆਏ, ਜਿਨ੍ਹਾਂ ਨੇ ਉਸਦਾ ਪਰਸ ਅਤੇ ਮੋਬਾਈਲ ਫੋਨ ਖੋਹ ਕੇ ਨਗਨ ਹਾਲਤ ’ਚ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ ਇਕ ਲੱਖ ਰੁਪਏ ਦੀ ਮੰਗ ਕੀਤੀ।
ਉਕਤ ਲੋਕਾਂ ਨੇ ਉਸ ਕੋਲੋਂ ਗੂਗਲ ਪੇਅ ਰਾਂਹੀ 72 ਹਜ਼ਾਰ 400 ਰੁਪਏ ਪਵਾ ਲਏ ਅਤੇ ਨਕਦੀ ਖੋਹ ਲਈ। ਜਦੋਂਕਿ ਮੋਟਰਸਾਈਕਲ ਦੀ ਆਰਸੀ ਇਹ ਕਿਹ ਕੇ ਰੱਖ ਲਈ ਕਿ ਬਾਕੀ ਪੈਸੇ ਦੇ ਕੇ ਲੈ ਜਾਵੇ। ਉਕਤ ਲੋਕਾਂ ਦੇ ਚੁੰਗਲ ’ਚੋਂ ਛੁੱਟੇ ਹਰਜਿੰਦਰ ਸਿੰਘ ਨੇ ਥਾਣਾ ਸਿਟੀ ਤਰਨਤਾਰਨ ਵਿਖੇ ਸ਼ਿਕਾਇਤ ਦਰਜ ਕਰ ਵਾ ਦਿੱਤੀ।
ਥਾਣਾ ਮੁਖੀ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਰਾਜਵਿੰਦਰ ਕੌਰ ਤੋਂ ਇਲਾਵਾ ਗੁਰਲਾਲ ਸਿੰਘ, ਪ੍ਰਤਾਪ ਸਿੰਘ ਅਤੇ ਸਾਹਿਲ ਅਰੋੜਾ ਵਾਸੀ ਮੁਹੱਲਾ ਜਸਵੰਤ ਸਿੰਘ ਨਾਮਕ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਏ.ਐੱਸ.ਆਈ. ਨਿਰਮਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ।