ਦਾਤਰ ਵਿਖਾ ਕੇ ਮੋਟਰਸਾਈਕਲ ਸਵਾਰ ਦਾ ਪਰਸ ਖੋਹਿਆ
ਦਾਤਰ ਦੀ ਨੋਕ ’ਤੇ ਮੋਟਰਸਾਈਕਲ ਸਵਾਰ ਦਾ ਪਰਸ ਖੋਹਿਆ
Publish Date: Thu, 24 Sep 2026 04:55 PM (IST)
Updated Date: Thu, 24 Sep 2026 04:57 PM (IST)
ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ ਹਰੀਕੇ ਪੱਤਣ: ਪਿੰਡ ਪਨਗੋਟਾ ਦੇ ਭੱਠੇ ਕੋਲ ਬਾਈਕ ਸਵਾਰ ਤਿੰਨ ਖੋਹਬਾਜ਼ ਦਾਤਰ ਵਿਖਾ ਕੇ ਦੋਸਤ ਸਮੇਤ ਜਾ ਰਹੇ ਨੌਜਵਾਨ ਦਾ ਪਰਸ ਖੋਹ ਕੇ ਫਰਾਰ ਹੋ ਗਏ। ਪਰਸ ’ਚ ਕੁਝ ਨਕਦੀ ਤੇ ਜ਼ਰੂਰੀ ਕਾਗਜ਼ਾਤ ਦੱਸੇ ਜਾ ਰਹੇ ਹਨ। ਦੂਜੇ ਪਾਸੇ ਖੋਹਬਾਜ਼ਾਂ ਦੀ ਪਛਾਣ ਹੋਣ ਤੋਂ ਬਾਅਦ ਥਾਣਾ ਹਰੀਕੇ ਦੀ ਪੁਲਿਸ ਨੇ ਕੇਸ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਨਿਰਭੈ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਨਗੋਟਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਦੋਸਤ ਲਵਪ੍ਰੀਤ ਸਿੰਘ ਵਾਸੀ ਫਿਰੋਜ਼ਪੁਰ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਜਾ ਰਿਹਾ ਸੀ। ਜਦੋਂ ਉਹ ਇੱਟਾਂ ਦੇ ਭੱਠੇ ਕੋਲ ਪੁੱਜੇ ਤਾਂ ਪਿੱਛੋਂ ਬਾਈਕ ਸਵਾਰ ਤਿੰਨ ਜਣੇ ਆਏ, ਜਿਨ੍ਹਾਂ ’ਚੋਂ ਇਕ ਨੇ ਦਾਤਰ ਵਿਖਾ ਕੇ ਉਨ੍ਹਾਂ ਨੂੰ ਰੋਕ ਲਿਆ ਤੇ ਉਸਦਾ ਪਰਸ ਖੋਹ ਲਿਆ ਤੇ ਫਰਾਰ ਹੋ ਗਏ। ਉਸਨੇ ਸ਼ਿਕਾਇਤ ’ਚ ਖੋਹਬਾਜ਼ਾਂ ਦੀ ਪਛਾਣ ਅੰਗਰੇਜ਼ ਸਿੰਘ ਉਰਫ ਗੁਰਮੇਜ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਘੜਕਾ, ਗੁਰਸੇਵਕ ਸਿੰਘ ਨਿੱਕਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਪੱਖੋਪੁਰ ਤੇ ਬਿੱਲਾ ਵਾਸੀ ਚੋਹਲਾ ਸਾਹਿਬ ਵਜੋਂ ਦੱਸੀ। ਜਾਂਚ ਅਧਿਕਾਰੀ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਅੰਗਰੇਜ਼ ਸਿੰਘ ਤੇ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਿੱਲਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।